ਕਿਸਾਨਾਂ ਦਾ ਐਲਾਨ 21 ਨੂੰ ਵਧਾਂਗੇ ਦਿੱਲੀ ਵੱਲ : ਸਰਕਾਰ ਨੇ ਤੈਨਾਤ ਕੀਤੀ ਸੁਰਖਿਆ ਫੋਰਸ

ਕਿਸਾਨਾਂ ਦਾ ਐਲਾਨ 21 ਨੂੰ ਵਧਾਂਗੇ ਦਿੱਲੀ ਵੱਲ : ਸਰਕਾਰ ਨੇ ਤੈਨਾਤ ਕੀਤੀ ਸੁਰਖਿਆ ਫੋਰਸ
ਰਾਜਪੁਰਾ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੌਥੇ ਗੇੜ ਦੀ ਬੈਠਕ ਵਿਚ ਕੇਂਦਰ ਸਰਕਾਰ ਵੱਲੋਂ ਪੰਜ ਫ਼ਸਲਾਂ ਉਤੇ ਐੱਮਐੱਸਪੀ ਦੀ ਗਾਰੰਟੀ ਦਿੱਤੇ ਜਾਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੇਰ ਸ਼ਾਮ ਕੇਂਦਰ ਸਰਕਾਰ ਵੱਲੋਂ ਪੇਸ਼ ਨਵੇਂ ਫਾਰਮੂਲੇ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਹੁਣ ਜੋ ਵੀ ਹੋਵੇਗਾ, ਉਸ ਲਈ ਉਹ (ਸਰਕਾਰ) ਜ਼ਿੰਮੇਵਾਰ ਹੋਵੇਗੀ।’ ਸਰਕਾਰ ਨਾਲ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ 21 ਫਰਵਰੀ ਨੂੰ ਦਿੱਲੀ ਵੱਲ ਵਧਣਗੇ। ਉਧਰ, ਪੰਜਾਬ, ਹਰਿਆਣਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਉਤੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਗਾਜੀਪੁਰ ਬਾਰਡਰ ਉਤੇ ਭਾਰੀ ਸੁਰੱਖਿਆ ਫੋਰਸ ਬੁਲਾਈ ਗਈ ਹੈ। ਪੈਰਾ ਮਿਲਟਰੀ ਫੋਰਸ ਦੀਆਂ ਕਈ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਸਵੇਰੇ 11 ਵੱਜੇ ਕੂਚ ਦਾ ਐਲਾਨ ਕੀਤਾ ਹੈ। ਹਰਿਆਣਾ ਪ੍ਰਸ਼ਾਸਨ ਨੇ ਵੀ ਰੋਕਣ ਦੀ ਪੂਰਾ ਤਿਆਰੀ ਕਰ ਲਈ ਹੈ।
