ਨੌਜਵਾਨ ਕਿਸਾਨ ਸ਼ੁਭਕਰਨ ਦੇ ਮਾਮਲੇ ਵਿੱਚ ਐਫਆਈਆਈ ਹੋਈ ਦਰਜ, ਹੋਇਆ ਪੋਸਟਮਾਰਟਮ

ਨੌਜਵਾਨ ਕਿਸਾਨ ਸ਼ੁਭਕਰਨ ਦੇ ਮਾਮਲੇ ਵਿੱਚ ਐਫਆਈਆਈ ਹੋਈ ਦਰਜ, ਹੋਇਆ ਪੋਸਟਮਾਰਟਮ
ਛੋਟੀ ਭੈਣ ਨੁੰ ਪੰਜਾਬ ਪੁਲਸ ਵਿੱਚ ਮਿਲੇਗੀ ਸਿਪਾਹੀ ਦੀ ਨੌਕਰੀ
ਚੰਡੀਗੜ :ਖਨੌਰੀ ਬਾਰਡਰ ਉਤੇ ਪਿਛਲੇ ਦਿਨੀਂ ਫੌਤ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਜ਼ਿਲ੍ਹਾ ਪਟਿਆਲਾ ਪੁਲੀਸ ਨੇ ਅੱਜ ਦੇਰ ਰਾਤ ਥਾਣਾ ਪਾਤੜਾਂ ਵਿਚ ਧਾਰਾ 302 ਅਤੇ 114 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਦੇ ਨਾਲ ਹੀ ਰਾਜਿੰਦਰਾ ਹਸਪਤਾਲ ਵਿਚ ਬੀਤੇ 8 ਦਿਨਾਂ ਤੋਂ ਪਈ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਦੇਰ ਰਾਤ ਨੂੰ ਹੀ ਉਸ ਦਾ ਪੋਸਟ ਮਾਰਟਮ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਇਸ ਤੋਂ ਪਹਿਲਾਂ ਰਾਤ ਕਰੀਬ ਦਸ ਵਜੇ ਕਿਸਾਨਾਂ ਨੇ ਜਬਰੀ ਪੋਸਟਮਾਰਟਮ ਕਰਵਾਏ ਜਾਣ ਦੇ ਖਦਸ਼ੇ ਤਹਿਤ ਹਸਪਤਾਲ ’ਚ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਅਗਵਾਈ ਕਰ ਰਹੇ ਜ਼ੋਰਾਵਰ ਸਿੰਘ ਬਲਬੇੜਾ ਦਾ ਕਹਿਣਾ ਸੀ ਕਿ ਅੱਜ ਰਾਤੀਂ ਕੁਝ ਡਾਕਟਰ ਮੁਰਦਾਘਾਟ ’ਚ ਪਹੁੰਚ ਗਏ ਸਨ ਪਰ ਕਿਸਾਨਾਂ ਨੇ ਇਸ ਸਬੰਧੀ ਪੁਲੀਸ ਨਾਲ ਰਾਬਤਾ ਸਾਧਿਆ ਅਤੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਨੂੰ ਐੱਫਆਈਆਰ ਦੀ ਕਾਪੀ ਨਹੀਂ ਮਿਲਦੀ, ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ।
ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਬਠਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦੇ ਵਸਨੀਕ 23 ਸਾਲਾ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਵਿੱਚ ਸਿਪਾਹੀ ਦੀ ਨੌਕਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ ਹੈ। ਇਸ ਤੋਂ ਇਲਾਵਾ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾ ਰਹੀ ਹੈ।
