ਐਸ.ਐਸ.ਐਫ. ਨੇ ਪਹਿਲੇ ਮਹੀਨੇ 389 ਸਕਿੰਟ ਦੇ ਰਿਕਾਰਡ ਸਮੇਂ ਵਿੱਚ 1053 ਸੜਕ ਹਾਦਸਿਆਂ ‘ਚ ਪ੍ਰਦਾਨ ਕੀਤੀ ਮੁੱਢਲੀ ਸਹਾਇਤਾ; 574 ਗੰਭੀਰ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ
ਐਸ.ਐਸ.ਐਫ. ਨੇ ਪਹਿਲੇ ਮਹੀਨੇ 389 ਸਕਿੰਟ ਦੇ ਰਿਕਾਰਡ ਸਮੇਂ ਵਿੱਚ 1053 ਸੜਕ ਹਾਦਸਿਆਂ ‘ਚ ਪ੍ਰਦਾਨ ਕੀਤੀ ਮੁੱਢਲੀ ਸਹਾਇਤਾ; 574 ਗੰਭੀਰ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ
– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
– ਡੀਜੀਪੀ ਪੰਜਾਬ ਨੇ ਫੋਰਸ ਦਾ ਇੱਕ ਮਹੀਨਾ ਮੁਕੰਮਲ ਹੋਣ ‘ਤੇ ਐਸ.ਐਸ.ਐਫ. ਮੈਨੂਅਲ ਕੀਤਾ ਜਾਰੀ
– ਡੀਜੀਪੀ ਗੌਰਵ ਯਾਦਵ ਨੇ ਐਸ.ਐਸ.ਐਫ. ਟੀਮ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਅਤੇ ਪ੍ਰਾਪਤੀਆਂ ਲਈ ਦਿੱਤੀ ਵਧਾਈ
– ਐਸ.ਐਸ.ਐਫ. ਮੈਨੂਅਲ ਪੰਜਾਬ ਵਿੱਚ ਸੁਰੱਖਿਅਤ ਸੜਕਾਂ ਅਤੇ ਕੁਸ਼ਲ ਟ੍ਰੈਫਿਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ: ਏਡੀਜੀਪੀ ਟ੍ਰੈਫਿਕ ਏ.ਐਸ. ਰਾਏ
ਚੰਡੀਗੜ੍ਹ, 4 ਮਾਰਚ:
ਆਪਣੇ ਪਹਿਲੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਬੇਮਿਸਾਲ ਕਾਰਗੁਜ਼ਾਰੀ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਨੇ ਕੌਮਾਂਤਰੀ ਮਾਪਦੰਡਾਂ ਦੀ ਤਰਜ਼ ‘ਤੇ ਔਸਤਨ 6 ਮਿੰਟ 29 ਸਕਿੰਟ (389 ਸਕਿੰਟ) ਦੇ ਰਿਕਾਰਡ ਸਮੇਂ ਵਿੱਚ 1053 ਹਾਦਸਿਆਂ ਵਾਲੀਆਂ ਥਾਵਾਂ ‘ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕਰਦਿਆਂ ਕੀਰਤੀਮਾਨ ਸਥਾਪਤ ਕੀਤਾ ਹੈ।
ਐਸਐਸਐਫ ਟੀਮ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਅਤੇ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਐਸਐਸਐਫ ਨੇ ਰਿਕਾਰਡ ਸਮੇਂ ਵਿੱਚ ਹਾਦਸਿਆਂ ਵਾਲੀਆਂ ਥਾਵਾਂ ਤੇ ਪਹੁੰਚਣ ਤੋਂ ਇਲਾਵਾ ਘੱਟੋ-ਘੱਟ 784 ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ 574 ਗੰਭੀਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਯਕੀਨੀ ਬਣਾ ਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਬਚਾਈਆਂ ਹਨ।
ਡੀਜੀਪੀ ਗੌਰਵ ਯਾਦਵ, ਜਿਹਨਾਂ ਦੇ ਨਾਲ ਏਡੀਜੀਪੀ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਏ.ਐਸ. ਰਾਏ ਵੀ ਮੌਜੂਦ ਸਨ, ਨੇ ਇਸ ਫੋਰਸ ਦਾ ਇੱਕ ਮਹੀਨਾ ਮੁਕੰਮਲ ਹੋਣ ‘ਤੇ ਐਸਐਸਐਫ ਮੈਨੂਅਲ ਜਾਰੀ ਕੀਤਾ। ਇਸ ਮੌਕੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਐਸਐਸਐਫ ਗਗਨ ਅਜੀਤ ਸਿੰਘ ਅਤੇ ਰਿਸਰਚ ਐਸੋਸੀਏਟ ਪੀਆਰਐਸਟੀਆਰਸੀ ਉਮੇਸ਼ ਸ਼ਰਮਾ ਵੀ ਮੌਜੂਦ ਸਨ।
ਉਹਨਾਂ ਕਿਹਾ ਕਿ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੁਆਰਾ ਬਾਖ਼ੂਬੀ ਢੰਗ ਨਾਲ ਤਿਆਰ ਕੀਤੇ ਗਏ ਐਸਐਸਐਫ ਮੈਨੂਅਲ ਨੂੰ ਜਾਰੀ ਕਰਨ ਸਮੇਂ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਵਿਆਪਕ ਗਾਈਡ ਸਮੁੱਚੇ ਪੰਜਾਬ ਵਿੱਚ ਸੜਕ ਸੁਰੱਖਿਆ ਨੂੰ ਵਧਾਉਣ ਦੇ ਸਾਡੇ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਡੀਜੀਪੀ ਨੇ ਕਿਹਾ ਕਿ ਇਹ ਮੈਨੂਅਲ ਐਸਐਸਐਫ ਨੂੰ ਵੱਖ-ਵੱਖ ਹਾਲਾਤਾਂ ਨਾਲ ਨਜਿੱਠਣ ਤੋਂ ਇਲਾਵਾ ਵਿਵਹਾਰਕ ਸੂਝ ਤੇ ਰਣਨੀਤਕ ਦਿਸ਼ਾ-ਨਿਰਦੇਸ਼ਾਂ ਜ਼ਰੀਏ ਸੜਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਮੁਹਾਰਤ ਪ੍ਰਦਾਨ ਕਰੇਗਾ।
ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਏਐਸ ਰਾਏ ਨੇ ਕਿਹਾ ਕਿ ਐਸਐਸਐਫ ਮੈਨੂਅਲ ਵਿੱਚ ਵਿਸਥਾਰਤ ਦਿਸ਼ਾ-ਨਿਰਦੇਸ਼, ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸਓਪੀ) ਅਤੇ ਜ਼ਰੂਰੀ ਯੋਜਨਾਬੱਧ ਜਾਣਕਾਰੀ ਸ਼ਾਮਲ ਹੈ, ਜੋ ਸੜਕ ਸੁਰੱਖਿਆ ਫੋਰਸ ਲਈ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ। ਇਸ ਵਿੱਚ ਐਸਐਸਐਫ ਦਾ ਮਿਸ਼ਨ, ਸੰਗਠਨਾਤਮਕ ਢਾਂਚਾ, ਕਰੈਸ਼ ਇਨਵੈਸਟੀਗੇਸ਼ਨ ਤਕਨੀਕਾਂ ਅਤੇ ਰੋਕਥਾਮ ਰਣਨੀਤੀਆਂ ਸਮੇਤ ਵੱਖ-ਵੱਖ ਪਹਿਲੂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਮੈਨੂਅਲ ਐਸਐਸਐਫ ਨੂੰ ਸੰਸਥਾਗਤ ਰੂਪ ਦੇਣ, ਸੁਰੱਖਿਅਤ ਸੜਕ ਮਾਰਗਾਂ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਭਰ ਵਿੱਚ ਟਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਜਾਣਕਾਰੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਅਹਿਮ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ 4100 ਕਿਲੋਮੀਟਰ ਸੜਕਾਂ ਦੀ ਸੁਰੱਖਿਆ ਲਈ ਤਾਇਨਾਤ ਐਸਐਸਐਫ ਪੰਜਾਬ ਦੇ ਕੌਮੀ ਰਾਜਮਾਰਗਾਂ, ਰਾਜ ਮਾਰਗਾਂ ਅਤੇ ਪ੍ਰਮੁੱਖ ਜ਼ਿਲ੍ਹਾ ਸੜਕਾਂ ‘ਤੇ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ।