ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ 'ਚ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਨੂੰ ਪ੍ਰਵਾਨਗੀ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ‘ਚ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਨੂੰ ਪ੍ਰਵਾਨਗੀ
ਪਟਿਆਲਾ, 4 ਮਾਰਚ:
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਅਗਵਾਈ ਹੇਠ ਅੱਜ ਇੱਥੇ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਦੀ ਹੋਈ ਮੀਟਿੰਗ ਮੌਕੇ ਜ਼ਿਲ੍ਹੇ ਅੰਦਰ ਜਲ ਜੀਵਨ ਮਿਸ਼ਨ ਤੇ ਸਵੱਛ ਭਾਰਤ ਮਿਸ਼ਨ ਸਮੇਤ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ ਹੋਰ ਫਲੈਗਸ਼ਿਪ ਸਕੀਮਾਂ ਨੂੰ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਤਹਿਤ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰਨ ਦੀਆਂ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਡਿਪਟੀ ਕਮਿਸ਼ਨਰ, ਜੋਕਿ ਅਹੁਦੇ ਵਜੋਂ ਜ਼ਿਲ੍ਹਾ ਜਲ ਸੈਨੀਟੈਸ਼ਨ ਮਿਸ਼ਨ ਦੇ ਚੇਅਰਮੈਨ ਹੁੰਦੇ ਹਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਪੀਣ ਵਾਲਾ ਸਵੱਛ ਜਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਵੱਲੋਂ ਜ਼ਿਲ੍ਹੇ ਅੰਦਰ ਜਲ ਜੀਵਨ ਮਿਸ਼ਨ ਤੇ ਸਵੱਛ ਭਾਰਤ ਮਿਸ਼ਨ ਤਹਿਤ ਜਲ ਸਪਲਾਈ ਦੇ ਸਾਰੇ ਪ੍ਰੋਗਰਾਮਾਂ ਨੂੰ ਸਫ਼ਲਤਾ ਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਜਲ ਸਪਲਾਈ ਦੇ ਕੁਨੈਕਸ਼ਨ ਉਪਲੱਬਧ ਕਰਵਾ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਦੇ ਫਲੋਰਾਈਡ ਮਿਲੇ ਪਾਣੀ ਵਾਲੇ 392 ਪਿੰਡਾਂ ਵਿੱਚ ਨਹਿਰੀ ਪਾਣੀ ਸਪਲਾਈ ਦਾ ਸਰਫ਼ੇਸ ਵਾਟਰ ਪ੍ਰਾਜੈਕਟ, ਹਲਕਾ ਰਾਜਪੁਰਾ ਦੇ ਪਿੰਡ ਪੱਬਰਾ ਵਿਖੇ 204 ਪਿੰਡਾਂ ਦੇ ਵਸਨੀਕਾਂ ਅਤੇ ਹਲਕਾ ਘਨੌਰ ਦੇ ਪਿੰਡ ਮੰਡੌਲੀ ਵਿਖੇ 112 ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਵਾਲੇ ਕਰੀਬ 300 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ‘ਤੇ ਅਧਾਰਤ ਪ੍ਰਾਜੈਕਟ ਅੰਤਲੇ ਪੜਾਅ ‘ਤੇ ਹਨ ਤੇ ਇਹ ਬਹੁਤ ਜਲਦ ਲੋਕਾਂ ਨੂੰ ਸਮਰਪਿਤ ਕੀਤੇ ਜਾਣੇ।
ਮੀਟਿੰਗ ਮੌਕੇ ਹਰ ਘਰ ਵਿੱਚ ਪਾਈਪ ਰਾਹੀਂ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣਾ, ਮੀਂਹ ਦਾ ਪਾਣੀ ਰੀਚਾਰਜ ਕਰਨਾ, ਗੰਦੇ ਪਾਣੀ ਨੂੰ ਸੋਧਣ ਦਾ ਪ੍ਰਬੰਧਨ ਆਦਿ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹੇ ਵਿੱਚ 2649.72 ਲੱਖ ਰੁਪਏ ਦੀ ਲਾਗਤ ਨਾਲ ਜਲ ਜੀਵਨ ਮਿਸ਼ਨ 151 ਸਕੀਮਾਂ ਲਾਗੂ ਕੀਤੀਆਂ ਗਈਆਂ ਹਨ।
ਮੀਟਿੰਗ ਮੌਕੇ ਜਲ ਸਪਲਾਈ ਵਿਭਾਗ ਰਾਜਪੁਰਾ ਦੇ ਕਾਰਜਕਾਰੀ ਇੰਜੀਨੀਅਰ ਜਸਇੰਦਰ ਸਿੰਘ ਸਿੱਧੂ, ਕਾਰਜਕਾਰੀ ਇੰਜੀਨੀਅਰ ਮਕੈਨੀਕਲ ਇਸ਼ਾਨ ਕੌਸ਼ਲ, ਕਾਰਜਕਾਰੀ ਇੰਜੀਨੀਅਰ ਡਿਵੀਜਨ ਨੰਬਰ 1 ਵਿਪਨ ਰਜੇਸ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਡੀ.ਡੀ.ਐਫ਼ ਨਿਧੀ ਮਲਹੋਤਰਾ ਤੇ ਹੋਰ ਮੌਜੂਦ ਸਨ।