ਸੁਣਨ ਬੋਲਣ ਤੋਂ ਅਸਮਰਥ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਵਿਸ਼ੇਸ਼ ਪਹਿਲਕਦਮੀ

ਸੁਣਨ ਬੋਲਣ ਤੋਂ ਅਸਮਰਥ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਪੰਜਾਬੀ ਯੂਨੀਵਰਸਿਟੀ ਨੇ ਕੀਤੀ ਵਿਸ਼ੇਸ਼ ਪਹਿਲਕਦਮੀ
-ਸਮਾਜ ਦੇ ਸਾਰੇ ਵਰਗਾਂ ਤਕ ਉਚੇਰੀ ਸਿੱਖਿਆ ਦੀ ਰਸਾਈ ਹੋਣਾ ਜ਼ਰੂਰੀ: ਪ੍ਰੋ. ਅਰਵਿੰਦ
ਪਟਿਆਲਾ, 1 ਮਾਰਚ
ਪੰਜਾਬੀ ਯੂਨੀਵਰਸਿਟੀ ਨੇ ਵਿਸ਼ੇਸ਼ ਪਹਿਲਕਦਮੀ ਕਰਦਿਆਂ ਸੁਣਨ ਅਤੇ ਬੋਲਣ ਤੋਂ ਅਸਮਰੱਥ ਵਿਦਿਆਰਥੀਆਂ ਦੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਸੁਪਨੇ ਨੂੰ ਸਾਕਾਰ ਕਰ ਵਿਖਾਇਆ ਹੈ। ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਬੀ.ਏ. ਹਿਉਮੈਨਟੀਜ਼ ਕਰਵਾਉਣ ਨੂੰ ਵਿਹਾਰਕ ਜਾਮਾ ਪਹਿਨਾਉਣ ਹਿਤ ਕਦਮ ਉਠਾਉਂਦਿਆਂ ਪਟਿਆਲਾ ਸਥਿਤ ਵਾਣੀ ਸਕੂਲ ਫ਼ਾਰ ਹੀਅਰਿੰਗ ਇੰਪੇਅਰਡ ਵਿਚਲੇ ਆਪਣੇ ਕੇਂਦਰ ਵਿਖੇ ਪ੍ਰੀਖਿਆ ਲਈ ਗਈ। ਇਸ ਪ੍ਰੀਖਿਆ ਲਈ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਇਨ੍ਹਾਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਦੇ ਮੱਦੇਨਜ਼ਰ ਵਿਸ਼ੇਸ਼ ਮਾਹਿਰਾਂ ਤੋਂ ਵਿਸ਼ੇਸ਼ ਤੌਰ ਉੱਤੇ ਪ੍ਰਸ਼ਨ ਪੱਤਰ ਤਿਆਰ ਕਰਵਾਏ ਗਏ ਸਨ ਤਾਂ ਕਿ ਇਹ ਵਿਦਿਆਰਥੀ ਬਿਨਾ ਕਿਸੇ ਮੁਸ਼ਕਿਲ ਤੋਂ ਅਸਾਨੀ ਨਾਲ਼ ਪ੍ਰੀਖਿਆ ਦੇ ਸਕਣ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੱਕ ਉਚੇਰੀ ਸਿੱਖਿਆ ਦੀ ਰਸਾਈ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਚੇਰੀ ਸਿੱਖਿਆ ਨਾਲ਼ ਜੁੜੇ ਜਨਤਕ ਅਦਾਰੇ ਇਸ ਗੱਲ ਲਈ ਵਚਨਬੱਧ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਅਜਿਹੀ ਵਚਨਬੱਧਤਾ ਤਹਿਤ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਕਦਮ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦਸੰਬਰ ਮਹੀਨੇ ਜਦੋਂ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਨਾਲ ਵਿਸ਼ੇਸ਼ ਇਕਰਾਰਨਾਮਾ ਕੀਤਾ ਗਿਆ ਸੀ।ਇਕਰਾਰਨਾਮੇ ਤਹਿਤ ਇਸ ਸਕੂਲ ਵਿੱਚ ਸਥਾਪਿਤ ਕੀਤੇ ਜਾਣ ਵਾਲ਼ੇ ਆਪਣੇ ਵਿਸ਼ੇਸ਼ ਕੇਂਦਰ ਰਾਹੀਂ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਉਚੇਰੀ ਸਿੱਖਿਆ ਦਾ ਪ੍ਰਬੰਧ ਕੀਤੇ ਜਾਣ ਬਾਰੇ ਮਿੱਥਿਆ ਗਿਆ ਸੀ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਨਿਵੇਕਲਾ ਕਦਮ ਉਠਾਉਂਦਿਆਂ ਆਪਣੇ ਉਸ ਵਾਅਦੇ ਦੀ ਪੂਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ ਤੋਂ ਸਥਾਪਿਤ ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੇ ਸ਼ਕਤੀਕਰਨ ਨਾਲ ਸੰਬੰਧਿਤ ਕੇਂਦਰ ‘ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼’ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਸ੍ਰ. ਹਰਜੋਤ ਸਿੰਘ ਬੈਂਸ ਨੇ ਉਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਹੇ ਕੰਮ ਕਾਜ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਖੇਤਰ ਵਿੱਚ ਯੂਨੀਵਰਸਿਟੀ ਬਾਖੂਬੀ ਕੰਮ ਕਰ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੀ ਇਸ ਇਕਰਾਰਨਾਮੇ ਮੌਕੇ ਮੌਜੂਦ ਰਹੇ ਸਨ।
ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਵਾਣੀ ਸਕੂਲ ਵਿੱਚ ਸਥਿਤ ਇਹ ਕੇਂਦਰ ਨੌਂ ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀਆਂ ਲਈ ਪੰਜਾਬੀ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਹਿਤ ਇੱਕ ਰਿਸੋਰਸ ਸੈਂਟਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਹ ਆਪਣੀ ਕਿਸਮ ਨਿਵੇਕਲੀ ਪਹਿਲਕਦਮੀ ਹੈ। ਸੂਬੇ ਦੀ ਕੋਈ ਵੀ ਹੋਰ ਯੂਨੀਵਰਸਿਟੀ ਜਾਂ ਵਿੱਦਿਅਕ ਅਦਾਰਾ ਹਾਲ ਦੀ ਘੜੀ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕਰ ਰਿਹਾ।
ਵਾਣੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਖਚੈਨ ਵਿਰਕ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਹ ਅਮਲ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੁਣਨ ਬੋਲਣ ਤੋਂ ਅਸਮਰਥ ਕੋਈ ਵੀ ਵਿਦਿਆਰਥੀ ਜੇਕਰ ਉਚੇਰੀ ਸਿੱਖਿਆ ਹਾਸਿਲ ਕਰਨਾ ਚਾਹੇ ਤਾਂ ਉਸ ਦੇ ਮਾਪੇ ਜਾਂ ਸੰਬੰਧੀ ਸਕੂਲ ਨੂੰ ਸੰਪਰਕ ਕਰ ਸਕਦੇ ਹਨ।
ਡਾ. ਕਿਰਨ, ਜੋ ਯੂਨਵਿਰਸਿਟੀ ਵਿਖੇ ਕਾਰਜਸ਼ੀਲ ‘ਸੈਂਟਰ ਫਾਰ ਐਮਪਾਵਰਮੈਂਟ ਆਫ਼ ਪਰਸਨ ਵਿਦ ਡਿਸਬਿਲਟੀਜ਼’ ਦੇ ਕੋਆਰਡੀਨੇਟਰ ਹਨ, ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
