ਪੰਜਾਬ ਰਾਜ ਟਰੇਡਰਜ ਕਮਿਸ਼ਨ ਦੇ ਚੇਅਰਮੈਨ ਵਲੋੰ ਵਪਾਰੀਆਂ ਨੂੰ ਵਨ-ਟਾਈਮ ਸੈਟਲਮੈਂਟ ਸਕੀਮ ਦਾ ਲਾਭ ਲੈਣ ਦਾ ਸੱਦਾ
ਪੰਜਾਬ ਰਾਜ ਟਰੇਡਰਜ ਕਮਿਸ਼ਨ ਦੇ ਚੇਅਰਮੈਨ ਵਲੋੰ ਵਪਾਰੀਆਂ ਨੂੰ ਵਨ-ਟਾਈਮ ਸੈਟਲਮੈਂਟ ਸਕੀਮ ਦਾ ਲਾਭ ਲੈਣ ਦਾ ਸੱਦਾ
-ਚੇਅਰਮੈਨ ਅਨਿਲ ਠਾਕੁਰ ਵਲੋਂ ਵਨ-ਟਾਈਮ ਸੈਟਲਮੈਂਟ ਸਕੀਮ ਤੇ ਮੇਰਾ ਬਿਲ ਐਪ ਬਾਰੇ ਚਰਚਾ ਲਈ ਵਪਾਰ ਐਸੋਸੀਏਸ਼ਨਾਂ ਨਾਲ ਬੈਠਕ
ਪਟਿਆਲਾ, 12 ਫਰਵਰੀ: ਪੰਜਾਬ ਰਾਜ ਟਰੇਡਰਜ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਵਪਾਰੀਆਂ ਨੂੰ ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ (ਓਟੀਐਸ)ਦਾ ਲਾਭ ਲੈਣ ਦਾ ਸੱਦਾ ਦਿੱਤਾ ਹੈ। ਚੇਅਰਮੈਨ ਅਨਿਲ ਠਾਕੁਰ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਹਾਲ ਵਿਖੇ ਵਪਾਰੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਅਹਿਮ ਮੀਟਿੰਗ ਮੌਕੇ ਡੀਸੀਐਸਟੀ ਪਟਿਆਲਾ ਰਮਨਪ੍ਰੀਤ ਕੌਰ ਸਮੇਤ ਇਲੈਕਟ੍ਰੋਨਿਕ ਐਸੋਸੀਏਸ਼ਨ, ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ, ਸ਼ੈਲਰ, ਇਲੈਕਟ੍ਰਿਕ, ਸਮਾਣਾ ਚੈਂਬਰਜ਼ ਆਫ ਇੰਡਸਟਰੀਜ਼, ਰੈਡੀਮੇਡ ਗਾਰਮੈਂਟਸ, ਸ਼ੇਰ-ਏ-ਪੰਜਾਬ ਕੱਪੜਾ ਵਪਾਰੀ, ਹੋਟਲ ਐਸੋਸੀਏਸ਼ਨ, ਭੱਠਾ ਐਸੋਸੀਏਸ਼ਨ ਅਤੇ ਫੋਕਲ ਪੁਆਇੰਟ ਸਮੇਤ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਅਨਿਲ ਠਾਕੁਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੂੰ ਆਪਣੇ ਟੈਕਸਾਂ ਦੇ ਬਕਾਇਆਜਾਤ ਦਾ ਨਿਪਟਾਰਾ ਕਰਨ ਲਈ ਇਸ ਸਕੀਮ ਦਾ ਲਾਭ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਖਾਸ ਤੌਰ ‘ਤੇ 1 ਕਰੋੜ ਤੱਕ ਦੀ ਕੁੱਲ ਮੰਗ ਵਾਲੇ ਕੇਸਾਂ ਲਈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਅਤੇ 15 ਨਵੰਬਰ, 2023 ਤੋਂ 15 ਮਾਰਚ, 2024 ਤੱਕ ਲਾਗੂ ਰਹਿਣ ਵਾਲੀ ਯਕਮੁਸ਼ਤ ਨਿਪਟਾਰਾ ਯੋਜਨਾ ਵਪਾਰੀਆਂ ਲਈ ਬੇਹੱਦ ਲਾਹੇਵੰਦ ਸਕੀਮ ਹੈ, ਇਸ ਲਈ ਵਪਾਰੀਆਂ ਨੂੰ ਇਸ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ। ਮੀਟਿੰਗ ਦੌਰਾਨ, ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਜੀਐਸਟੀ ਦੀਆਂ ਚੁਣੌਤੀਆਂ ਸਮੇਤ ਹੋਰ ਮੁਸ਼ਕਿਲਾਂ ਤੇ ਟੈਕਸ ਚੋਰੀ ਦਾ ਮੁਕਾਬਲਾ ਕਰਨ ਲਈ ਰਣਨੀਤੀ ‘ਤੇ ਚਰਚਾ ਕੀਤੀ। ਅਨਿਲ ਠਾਕੁਰ ਨੇ ਵਪਾਰੀਆਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਹੂਲਤ ਲਈ ਇੱਕ ਸਾਧਨ ਵਜੋਂ ਮੇਰਾ ਬਿੱਲ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਵਿੰਗਾਂ ਜਿਵੇਂ ਕਿ ਆਬਕਾਰੀ, ਮੋਬਾਈਲ ਅਤੇ ਜੀਐਸਟੀ ਵਿੰਗਾਂ ਨਾਲ ਸਬੰਧਤ ਸਮੱਸਿਆਵਾਂ ਵੀ ਸੁਣੀਆਂ। ਵਪਾਰੀਆਂ ਅਤੇ ਵਿਭਾਗ ਦਰਮਿਆਨ ਟੈਕਸ ਚੋਰੀ ਨਾਲ ਨਜਿੱਠਣ, ਮਾਲੀਆ ਇਕੱਠਾ ਕਰਨ ਵਿੱਚ ਵਾਧਾ ਕਰਨ ਅਤੇ ਕੇਸਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਮਹੱਤਵਪੂਰਨ ਚਰਚਾ ਕੀਤੀ। ਵਪਾਰੀਆਂ ਅਤੇ ਵਿਭਾਗ ਨੇ ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇਕ ਦੂਜੇ ਦੇ ਮਿਲਵਰਤਨ ਕਰਨ ਵਚਨਬੱਧਤਾ ਪ੍ਰਗਟਾਈ।