ਪੰਜਾਬੀ ਯੂਨੀਵਰਸਿਟੀ ਦਾ ਮਕੈਨੀਕਲ ਇੰਜਨੀਅਰਿੰਗ ਵਿਭਾਗ ਮਾਰਚ ਮਹੀਨੇ ਕਰਵਾਏਗਾ ਕਾਨਫ਼ਰੰਸ

ਪੰਜਾਬੀ ਯੂਨੀਵਰਸਿਟੀ ਦਾ ਮਕੈਨੀਕਲ ਇੰਜਨੀਅਰਿੰਗ ਵਿਭਾਗ ਮਾਰਚ ਮਹੀਨੇ ਕਰਵਾਏਗਾ ਕਾਨਫ਼ਰੰਸ
ਪਟਿਆਲਾ, 17 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵੱਲੋਂ 11 ਅਤੇ 12 ਮਾਰਚ 2024 ਨੂੰ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਪਹਿਲੀ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ‘ਮਕੈਨੀਕਲ ਅਤੇ ਸਸਟੇਨੇਬਲ ਇੰਜੀਨੀਅਰਿੰਗ ਵਿੱਚ ਤਰੱਕੀ’ (ਐਡਵਾਂਸਿਜ਼ ਇਨ ਮਕੈਨੀਕਲ ਐਂਡ ਸਸਟੇਨੇਬਲ ਇੰਜੀਨੀਅਰਿੰਗ) ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ।
ਕਾਨਫ਼ਰੰਸ ਦੇ ਕਨਵੀਨਰ ਪ੍ਰੋ. ਖੁਸ਼ਦੀਪ ਗੋਇਲ ਅਤੇ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਕਾਨਫ਼ਰੰਸ ਆਨਲਾਈਨ ਮੋਡ ਰਾਹੀਂ ਕਰਵਾਈ ਜਾਵੇਗੀ। ਇਸ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ 11 ਮਾਰਚ, 2024 ਨੂੰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਰੋਪੜ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਪ੍ਰੋ. ਡਾ. ਹਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਇੰਜਨੀਅਰਿੰਗ ਫ਼ੈਕਲਟੀ ਤੋਂ ਡੀਨ ਡਾ. ਗੁਰਮੀਤ ਕੌਰ ਵਿਸ਼ੇਸ਼ ਮਹਿਮਾਨ ਹੋਣਗੇ।
ਇਸ ਮੌਕੇ ਸ਼ਿਰਕਤ ਕਰਨ ਜਾ ਰਹੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ, ਦੁਬਈ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਤੋੰ ਡਾ. ਗੁਲਸ਼ਨ ਕੁਮਾਰ, ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਪ੍ਰੋਫੈਸਰ ਡਾ. ਅਮਰੀਕ ਸਿੰਘ ਅਤੇ ਕੈਨੇਡਾ ਤੋਂ ਪੋਸਟ ਡਾਕਟਰੇਟ, ਮਕੈਨੀਕਲ ਇੰਜਨੀਅਰਿੰਗ, ਡਾ. ਜਸਦੀਪ ਭਿੰਡਰ, ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣਗੇ।
ਕਾਨਫ਼ਰੰਸ ਦੇ ਕੋ-ਕਨਵੀਨਰ-ਕਮ-ਕੋਆਰਡੀਨੇਟਰ ਡਾ. ਚੰਦਨ ਦੀਪ ਸਿੰਘ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੀ ਇੱਕ ਵਿਲੱਖਣਤਾ ਇਹ ਹੈ ਕਿ ਸਾਰੇ ਪ੍ਰਬੰਧਕ ਅਤੇ ਮਾਹਿਰ ਬੁਲਾਰੇ ਆਪਣੀਆਂ ਸੇਵਾਵਾਂ ਮੁਫ਼ਤ ਦੇ ਅਧਾਰ ‘ਤੇ ਦੇ ਰਹੇ ਹਨ ਅਤੇ ਇਸੇ ਤਰ੍ਹਾਂ ਭਾਗ ਲੈਣ ਵਾਲਿਆਂ ਤੋਂ ਵੀ ਕੋਈ ਫੀਸ ਨਹੀਂ ਲਈ ਜਾ ਰਹੀ ਹੈ।
ਕਾਨਫ਼ਰੰਸ ਦੇ ਸਕੱਤਰ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੇਪਰ ਦਾਖਲ ਕਰਨ ਦੀ ਆਖਰੀ ਮਿਤੀ 20 ਫਰਵਰੀ, 2024 ਰੱਖੀ ਗਈ ਹੈ ਅਤੇ ਹੁਣ ਤੱਕ ਪੀਅਰ ਰੀਵਿਊ ਕਮੇਟੀ ਨੂੰ ਦਰਜਨਾਂ ਖੋਜ ਪੱਤਰ ਪ੍ਰਾਪਤ ਹੋ ਚੁੱਕੇ ਹਨ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ਲਈ ਕੋ-ਕੋਆਰਡੀਨੇਟਰ ਵਜੋਂ ਡਾ. ਬਲਜਿੰਦਰ ਰਾਮ, ਡਾ. ਤਲਵਿੰਦਰ ਸਿੰਘ, ਡਾ. ਰਾਜਦੀਪ ਸਿੰਘ, ਡਾ. ਹੇਮੰਤ ਕੁਮਾਰ ਅਤੇ ਡਾ.ਚਰਨਜੀਤ ਸਿੰਘ ਆਪਣੀ ਭੂਮਿਕਾ ਨਿਭਾ ਰਹੇ ਹਨ।
