ਬਵਾਲ ਦੇ ਚਲਦੇ ਅੱਜ ਹੋਵੇਗੀ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਤੀਜੇ ਗੇੜ ਦੀ ਗੱਲਬਾਤ

ਬਵਾਲ ਦੇ ਚਲਦੇ ਅੱਜ ਹੋਵੇਗੀ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਤੀਜੇ ਗੇੜ ਦੀ ਗੱਲਬਾਤ
– ਕਿਸਾਨ ਸ਼ਾਂਤ ਰਹਿਣਗੇ : ਹਰਿਆਣਾ ਵਾਲੇ ਪਾਸਿਓਂ ਤੇ ਗੈਸ ਦੇ ਗੋਲੇ ਨਹੀਂ ਸੁੱਟੇ ਜਾਣਗੇ
– ਰਾਜਪੁਰਾ ਵਿਖੇ ਦੋ ਘੰਟੇ ਅਧਿਕਾਰੀਆਂ ਨਾਲ ਚੱਲੀ ਬੈਠਕ ਤੋਂ ਬਾਅਦ ਹੋਇਆ ਫੈਸਲਾ
ਪਟਿਆਲਾ 14 ਫਰਵਰੀ – – ਅੱਜ ਦੂਜੇ ਦਿਨ ਜਿੱਥੇ ਸੰਭੂ ਅਤੇ ਖਨੋਰੀ ਪੰਜਾਬ-ਹਰਿਆਣਾ ਬਾਡਰਾਂ ’ਤੇ ਕਿਸਾਨਾਂ ਅਤੇ ਪੁਲਸ ਵਿਚਕਾਰ ਸਾਰਾ ਦਿਨ ਪੂਰਾ ਘਸਮਾਨ ਚੱਲਿਆ, ਉਥੇ ਦੇਰ ਸ਼ਾਮ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਕਿਸਾਨ ਨੇਤਾਵਾਂ ਦੀ ਕੇਂਦਰ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਸ਼ਾਂਤੀ ਦੀ ਖਬਰ ਲੈ ਕੇ ਆਈ, ਜਿਸ ਵਿਚ ਅੱਜ 15 ਤਰੀਕ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਕਿਸਾਨ ਨੇਤਾਵਾਂ ਦੀ ਕੇਂਦਰ ਨਾਲ ਤੀਜੇ ਗੇੜ ਦੀ ਮੀਟਿੰਗ ਹੋਵੇਗੀ, ਓਦੋਂ ਤੱਕ ਕਿਸਾਨ ਸ਼ੰਭੂ ਤੇ ਖਨੌਰੀ ਬਾਡਰਾਂ ਤੇ ਡਟੇ ਰਹਿਣਗੇ।
ਕੇਂਦਰ ਵੱਲੋਂ ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਯਾਨੰਦ ਰਾਏ ਪੁੱਜ ਰਹੇ ਹਨ। ਇਸ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਕਿਸਾਨ ਸ਼ਾਂਤ ਰਹਿ ਕੇ ਅੰਦੋਲਨ ਚਲਾਉਣਗੇ ਅਤੇ ਦੂਜੇ ਪਾਸੇ ਹਰਿਆਣਾ ਵੱਲੋਂ ਕੋਈ ਵੀ ਫਾਇਰਿੰਗ ਜਾਂ ਗੋਲਾਬਾਰੀ ਨਹੀਂ ਹੋਵੇਗੀ। ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣੇ ਵਾਲੇ ਪਾਸਿਓਂ ਪੂਰੀ ਸ਼ਾਂਤੀ ਰਹੇਗੀ।
ਇਸ ਮੀਟਿੰਗ ਵਿਚ ਪੁਲਸ ਦੇ ਏ.ਡੀ.ਜੀ.ਪੀ., ਡੀ.ਸੀ. ਪਟਿਆਲਾ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ। ਪੰਜਾਬ ਸਰਕਾਰ ਨੇ ਇਸ ਗੱਲਬਾਤ ਨੂੰ ਸਿਰੇ ਚਾੜ੍ਹਨ ਵਿਚ ਵਿਚੌਲੇ ਦੀ ਅਹਿਮ ਭੂਮਿਕਾ ਨਿਭਾਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਆਖਿਆ ਕਿ ਕਿਸਾਨ ਐਮ.ਐਸ.ਪੀ. ਸਮੇਤ ਹੋਰ ਮੰਗਾਂ ਮਨਵਾਉਣ ਲਈ ਲੜਨ ਜਾਂ ਮਰਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਇੰਨਾਂ ਤਸ਼ੱਦਦ ਹੋਣ ਤੋਂ ਬਾਵਜੂਦ ਵੀ ਉਹ ਲੜਦੇ ਰਹਿਣਗੇ। ਕਿਸਾਨ ਨੇਤਾਵਾਂ ਨੇ ਆਖਿਆ ਕਿ 15 ਤਰੀਕ ਨੂੰ ਦੇਰ ਸ਼ਾਮ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਮਿਲਿਆ ਹੈ, ਜਿਸ ਵਿਚ ਜਾਇਆ ਜਾਏਗਾ ਅਤੇ ਆਪਣੀਆਂ ਗੱਲਾਂ ਠੋਸ ਢੰਗ ਨਾਲ ਰੱਖੀਆਂ ਜਾਣਗੀਆਂ ਪਰ ਮੰਗਾਂ ਮਨਾਉਣ ਤੋਂ ਬਿਨਾ ਉਹ ਹੁਣ ਪਿੱਛੇ ਨਹੀਂ ਹਟਣਗੇ।
