ਪੰਜਾਬੀ ਯੂਨੀਵਰਸਿਟੀ ਵਿਖੇ ‘ਏ. ਆਈ. ਯੂ. 37ਵਾਂ ਅੰਤਰ-ਵਰਿਸਟੀ ਉੱਤਰ ਖੇਤਰੀ ਯੁਵਕ ਮੇਲਾ’ ਸ਼ਾਨੋ ਸ਼ੌਕਤ ਨਾਲ਼ ਸ਼ੁਰੂ
ਪੰਜਾਬੀ ਯੂਨੀਵਰਸਿਟੀ ਵਿਖੇ ‘ਏ. ਆਈ. ਯੂ. 37ਵਾਂ ਅੰਤਰ-ਵਰਿਸਟੀ ਉੱਤਰ ਖੇਤਰੀ ਯੁਵਕ ਮੇਲਾ’ ਸ਼ਾਨੋ ਸ਼ੌਕਤ ਨਾਲ਼ ਸ਼ੁਰੂ
-ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਨੇ ਕੀਤਾ ਉਦਘਾਟਨ
-24 ਸਾਲਾਂ ਬਾਅਦ ਪੰਜਾਬੀ ਯੂਨੀਵਰਿਸਟੀ ਵਿੱਚ ਹੋ ਰਿਹਾ ਹੈ ਇਹ ਮੇਲਾ
-ਉੱਤਰੀ ਭਾਰਤ ਦੀਆਂ 18 ਯੂਨੀਵਰਸਿਟੀਆਂ ਦੇ 800 ਤੋਂ ਵਧੇਰੇ ਕਲਾਕਾਰ ਵਿਦਿਆਰਥੀ ਮੇਲੇ ਵਿੱਚ ਕਰ ਰਹੇ ਹਨ ਸਿ਼ਰਕਤ
ਪਟਿਆਲਾ- 24 ਸਾਲਾਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਆਇਆ ‘ਏ. ਆਈ. ਯੂ. 37ਵਾਂ ਅੰਤਰ-ਵਰਿਸਟੀ ਉੱਤਰ ਖੇਤਰੀ ਯੁਵਕ ਮੇਲਾ’ ਸ਼ਾਨੋ ਸ਼ੌਕਤ ਨਾਲ਼ ਸ਼ੁਰੂ ਹੋ ਗਿਆ। ਸਿਹਤ ਮੰਤਰੀ ਪੰਜਾਬ, ਸ੍ਰ. ਬਲਬੀਰ ਸਿੰਘ ਵੱਲੋਂ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.), ਨਵੀਂ ਦਿੱਲੀ ਤੋਂ ਸੰਯੁਕਤ ਸਕੱਤਰ ਅਤੇ ਵਿਜੀਲੈਂਸ ਅਫ਼ਸਰ ਡਾ. ਬਲਜੀਤ ਸਿੰਘ ਸੇਖੋਂ ਅਤੇ ਅਬਜ਼ਰਵਰ ਡਾ. ਐਸ. ਕੇ. ਸ਼ਰਮਾ ਨੇ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਤੌਰ ਉੱਤੇ ਸਿ਼ਰਕਤ ਕੀਤੀ।
ਵੱਖ-ਵੱਖ ਸੂਬਿਆਂ ਅਤੇ ਖਿੱਤਿਆਂ ਤੋਂ ਪਹੁੰਚੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਕੱਢੀ ‘ਸੱਭਿਆਚਾਰਕ ਰੈਲੀ’, ਜਿਸ ਵਿੱਚ ਕਿ ਹਰੇਕ ਟੀਮ ਨੇ ਆਪਣੇ ਖੇਤਰ ਦੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਨ ਵਾਲ਼ੀਆਂ ਝਾਕੀਆਂ ਸਿਰਜੀਆਂ, ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਨੂੰ ਵੰਨ-ਸੁਵੰਨਤਾ ਦੀ ਖੁਸ਼ਬੋਅ ਨਾਲ਼ ਭਰ ਦਿੱਤਾ।
ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਨੇ ਆਪਣੇ ਉਦਘਾਟਨੀ ਸ਼ਬਦਾਂ ਦੌਰਾਨ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਏਨੇ ਲੰਬੇ ਅਰਸੇ ਬਾਅਦ ਪੰਜਾਬ ਦੇ ਹਿੱਸੇ ਹਿੱਸੇ ਇਸ ਯੁਵਕ ਮੇਲੇ ਦੀ ਮੇਜ਼ਬਾਨੀ ਆਈ ਹੈ। ਇਸ ਹਵਾਲੇ ਨਾਲ਼ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਰੰਗਲੇ ਦਿਨ ਮੁੜ ਸ਼ੁਰੂ ਹੋ ਗਏ ਹਨ। ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਏ ਨੈਕ ਏ+ ਗਰੇਡ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਨ੍ਹੀਂ ਦਿਨੀਂ ਆਪਣੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਹਮੇਸ਼ਾ ਹੀ ਪੰਜਾਬ ਦੀ ਅਗਵਾਈ ਕੀਤੀ ਹੈ। ਇੱਥੇ ਹੁੰਦੀਆਂ ਖੋਜਾਂ ਕਿਸੇ ਵੀ ਸਰਕਾਰ ਵੱਲੋਂ ਨੀਤੀਆਂ ਦੇ ਨਿਰਮਾਣ ਕੀਤੇ ਜਾਣ ਸਮੇਂ ਅਗਵਾਈ ਵਾਲ਼ੀ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ। ਉਨ੍ਹਾਂ ਕਿ ਮੌਜੂਦਾ ਸੂਬਾ ਸਰਕਾਰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਨੂੰ ਵਿਸ਼ੇਸ਼ ਤਰਜੀਹ ਦੇਣ ਦੇ ਜਿਸ ਵਾਅਦੇ ਨਾਲ਼ ਸੱਤਾ ਵਿੱਚ ਆਈ ਸੀ ਉਸ ਉੱਤੇ ਖਰੀ ਉੱਤਰ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿੱਚ ਕੀਤੇ ਵਾਧੇ ਦੇ ਪ੍ਰਸੰਗ ਵਿੱਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਸੂਬੇ ਦੇ ਬਹੁਤ ਸਾਰੇ ਮੈਡੀਕਲ ਕਾਲਜ ਅਤੇ ਹੋਰ ਅਦਾਰੇ ਵਿੱਤੀ ਸੰਕਟ ਕਾਰਨ ਬੰਦ ਹੋਣ ਦੀ ਕਗਾਰ ਉੱਤੇ ਸਨ ਜਿਨ੍ਹਾਂ ਦੀ ਸੂਬਾ ਸਰਕਾਰ ਵੱਲੋਂ ਬਾਂਹ ਫੜੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਅਤੇ ਆਪਣੇ ਚੌਗਿਰਦੇ ਬਾਰੇ ਲੋੜੀਂਦੀਆਂ ਜ਼ਰੂਰੀ ਜਾਣਕਾਰੀਆਂ ਰੱਖਣ ਲਈ ਵੀ ਪ੍ਰੇਰਿਤ ਕੀਤਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਬੋਲਦਿਆਂ ਦੱਸਿਆ ਕਿ ਉੱਤਰੀ ਭਾਰਤ ਦੀਆਂ ਚੁਣਿੰਦਾ 18 ਯੂਨੀਵਰਸਿਟੀਆਂ ਦੇ 800 ਤੋਂ ਵਧੇਰੇ ਵਿਦਿਆਰਥੀ ਇਸ ਮੇਲੇ ਵਿੱਚ ਸਿ਼ਰਕਤ ਕਰਨ ਹਿਤ ਪੁੱਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਆਪਣਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਵੀ ਇਸ ਵਾਰ ਇਸ ਮੇਲੇ ਦੇ ਸਮਾਨਾਂਤਰ ਉਲੀਕਿਆ ਗਿਆ ਹੈ ਤਾਂ ਕਿ ਵੱਖ-ਵੱਖ ਸੂਬਿਆਂ ਤੋਂ ਪਹੁੰਚ ਰਹੇ ਵਿਦਿਆਰਥੀ ਅਤੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਨੂੰ ਨੇੜਿਉਂ ਹੋ ਕੇ ਸਮਝ ਸਕਣ। ਇਸ ਮੌਕੇ ਉਨ੍ਹਾਂ ਮਹੀਨਾਵਾਰ ਗਰਾਂਟ ਦੇ ਵਾਧੇ ਲਈ ਵੀ ਸਰਕਾਰ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਜਿਸ ਸਦਕਾ ਅਕਾਦਮਿਕ ਮਾਹੌਲ ਦੀ ਬਿਹਤਰੀ ਲਈ ਉਪਰਾਲੇ ਕਰਨਾ ਅਤੇ ਇਸੇ ਕੜੀ ਵਿੱਚ ਅਜਿਹੇ ਵੱਡੇ ਮੇਲੇ ਕਰਵਾਉਣਾ ਸੰਭਵ ਹੋ ਸਕਿਆ ਹੈ।
ਉਦਘਾਟਨੀ ਸਮਾਰੋਹ ਦਾ ਸੰਚਾਲਨ ਕਰਦਿਆਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਮੇਲੇ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ਵਿੱਚੋਂ ਜੇਤੂ ਟੀਮਾਂ/ਕਲਾਕਾਰ ਅੱਗੇ ਏ.ਆਈ. ਯੂ. ਰਾਸ਼ਟਰੀ ਯੁਵਕ ਮੇਲੇ ਵਿੱਚ ਭਾਗ ਲੈਣ ਦੇ ਹੱਕਦਾਰ ਹੋਣਗੇ।
ਧੰਨਵਾਦੀ ਸ਼ਬਦ ਰਜਿਸਟਰਾਰ ਪ੍ਰੋ. ਨਵਜੋਤ ਕੌਰ ਚਾਵਲਾ ਨੇ ਬੋਲੇ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਵੀ ਮੰਚ ਉੱਤੇ ਹਾਜ਼ਰ ਰਹੇ।
ਉਦਘਾਟਨੀ ਸਮਾਰੋਹ ਦੌਰਾਨ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਕੰਮ ਕਰਦੇ ਉਨ੍ਹਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ ਜਿਨ੍ਹਾਂ ਨੂੰ ਸੂਬਾ ਸਰਕਾਰ ਦੀ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਤਹਿਤ ਹਾਲ ਹੀ ਵਿੱਚ ਪੱਕੇ ਕੀਤਾ ਗਿਆ ਹੈ।
ਇਸ ਮੌਕੇ ਯੂਨੀਵਰਸਿਟੀ ਨੂੰ ਹਾਲ ਹੀ ਵਿੱਚ ਪ੍ਰਾਪਤ ਹੋਏ ਨੈਕ ਏ+ ਗਰੇਡ ਦਾ ਸਰਟੀਫਿ਼ਕੇਟ ਵੀ ਜਾਰੀ ਕੀਤਾ ਗਿਆ।