ਡਾ. ਸਰਬਜੀਤ ਸਿੰਘ ਕੰਗਣੀਵਾਲ ਬਣੇ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਡਾਇਰੈਕਟਰ, ਲੋਕ ਸੰਪਰਕ
ਡਾ. ਸਰਬਜੀਤ ਸਿੰਘ ਕੰਗਣੀਵਾਲ ਬਣੇ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਡਾਇਰੈਕਟਰ, ਲੋਕ ਸੰਪਰਕ
ਪਟਿਆਲਾ-ਡਾ. ਸਰਬਜੀਤ ਸਿੰਘ ਕੰਗਣੀਵਾਲ ਪੰਜਾਬੀ ਯੂਨੀਵਰਸਿਟੀ ਵਿਖੇ ਡਾਇਰੈਕਟਰ, ਲੋਕ ਸੰਪਰਕ ਵਜੋਂ ਨਿਯੁਕਤ ਹੋਏ ਹਨ। ਉਨ੍ਹਾਂ ਵੱਲੋਂ ਯੂਨੀਵਰਸਿਟੀ ਵਿਖੇ ਆਪਣਾ ਇਹ ਅਹੁਦਾ ਸੰਭਾਲ਼ ਲਿਆ ਗਿਆ ਹੈ। ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਅਹੁਦੇ ਉੱਤੇ ਭਰਤੀ ਕਰਨ ਸੰਬੰਧੀ ਯੂਨੀਵਰਸਿਟੀ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।
ਡਾ. ਸਰਬਜੀਤ ਸਿੰਘ ਪੱਤਰਕਾਰੀ ਅਤੇ ਜਨਸੰਚਾਰ ਦੇ ਖੇਤਰ ਵਿੱਚ ਪੀ-ਐੱਚ. ਹਨ। ਉਨ੍ਹਾਂ ਨੂੰ ਪੱਤਰਕਾਰੀ ਅਤੇ ਲੋਕ ਸੰਪਰਕ ਨਾਲ਼ ਸੰਬੰਧਤ ਕੰਮ-ਕਾਜ ਵਿੱਚ ਤਕਰੀਬਨ 30 ਸਾਲ ਦਾ ਤਜਰਬਾ ਹਾਸਲ ਹੈ। ਉਹ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੋਂ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾ-ਨਵਿਰਤ ਹੋਏ ਹਨ। ਪੱਤਰਕਾਰ ਵਜੋਂ ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਰੋਜ਼ਾਨਾ ‘ਨਵਾਂ ਜ਼ਮਾਨਾ’ ਤੋਂ ਕੀਤੀ ਸੀ। ਉਹ ਦੇਸ ਸੇਵਕ ਵਿੱਚ ਨਿਊਜ਼ ਐਡੀਟਰ ਦੇ ਅਹੁਦੇ ਉੱਤੇ ਵੀ ਤਾਇਨਾਤ ਰਹੇ ਹਨ।
ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਮੌਕੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੀ ਹਾਜ਼ਰ ਰਹੇ। ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਮੀਦ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਪ੍ਰਾਪਤ ਹੋਵੇਗਾ ਅਤੇ ਯੂਨੀਵਰਸਿਟੀ ਦੇ ਅਕਸ ਦੀ ਬਿਹਤਰੀ ਲਈ ਉਹ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।
ਐਜੂਕੇਸ਼ਨਲ ਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ, ਜੋ ਕਿ ਵਾਧੂ ਚਾਰਜ ਵਜੋਂ ਡਾਇਰੈਕਟਰ, ਲੋਕ ਸੰਪਰਕ ਦਾ ਕੰਮ ਕਾਜ ਵੇਖ ਰਹੇ ਸਨ, ਨੇ ਡਾ. ਸਰਬਜੀਤ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਤੋਂ ਵਧੇਰੇ ਯੋਗਤਾ ਵਾਲ਼ੀ ਸ਼ਖ਼ਸੀਅਤ ਉਨ੍ਹਾਂ ਦੀ ਥਾਂ ਲੈ ਰਹੀ ਹੈ। ਉਨ੍ਹਾਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਜਦ ਵੀ ਕਦੇ ਲੋਕ ਸੰਪਰਕ ਵਿਭਾਗ ਨੂੰ ਉਨ੍ਹਾਂ ਦੀ ਲੋੜ ਹੋਵੇਗੀ ਤਾਂ ਉਹ ਹਰ ਪੱਖੋਂ ਪੂਰਨ ਸਹਿਯੋਗ ਦੇਣਗੇ।
ਡਾਇਰੈਕਟਰ, ਲੋਕ ਸੰਪਰਕ