ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਉੱਤਰ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਸ਼ੁਰੂ ਹੋਏ ਮੁਕਾਬਲੇ

ਦੁਆਰਾ: Punjab Bani ਪ੍ਰਕਾਸ਼ਿਤ :Thursday, 01 February, 2024, 06:57 PM

ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਉੱਤਰ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਸ਼ੁਰੂ ਹੋਏ ਮੁਕਾਬਲੇ
-ਉੱਤਰੀ ਭਾਰਤ ਦੀਆਂ 12 ਯੂਨੀਵਰਸਿਟੀਆਂ ਨੇ ਨਾਟਕ ਮੁਕਾਬਲਿਆਂ ਵਿੱਚ ਲਿਆ ਭਾਗ
ਪਟਿਆਲਾ-
ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ‘ਏ. ਆਈ. ਯੂ. 37ਵਾਂ ਅੰਤਰ-ਵਰਿਸਟੀ ਉੱਤਰ ਖੇਤਰੀ ਯੁਵਕ ਮੇਲੇ’ ਦੇ ਦੂਜੇ ਦਿਨ ਵੱਖ-ਵੱਖ ਕਲਾ-ਵੰਨਗੀਆਂ ਦੇ ਮੁਕਾਬਲੇ ਸ਼ੁਰੂ ਹੋ ਗਏ। ਜਿ਼ਕਰਯੋਗ ਹੈ ਕਿ ਪਹਿਲੇ ਦਿਨ ਕੋਈ ਮੁਕਾਬਲਾ ਨਹੀਂ ਰੱਖਿਆ ਗਿਆ ਸੀ ਬਲਕਿ ਮੇਲੇ ਦਾ ਉਦਘਾਟਨੀ ਸੈਸ਼ਨ ਉਪਰੰਤ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਖਿੱਤਿਆਂ ਨਾਲ਼ ਸੰਬੰਧਤ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀ ਕਲਾਕਾਰਾਂ ਨੇ ਆਪੋ ਆਪਣੇ ਖਿੱਤੇ ਅਤੇ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਨ ਲਈ ਕੈਂਪਸ ਵਿੱਚ ‘ਕਲਚਰਲ ਪ੍ਰੋਸੈਸ਼ਨ’ ਭਾਵ ਸਭਿਆਚਾਰਕ ਰੈਲੀ ਵਿੱਚ ਸਿ਼ਰਕਤ ਕੀਤੀ ਗਈ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਜੇ ਦਿਨ ਸ਼ੁਰੂ ਹੋਏ ਮੁਕਾਬਲਿਆਂ ਦੌਰਾਨ ਨਾਟਕ ਵਿੱਚ 12 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਭਾਗ ਲਿਆ। ਵੈਸਟਰਨ ਸੌਂਗ ਸੋਲੋ ਵੋਕਲ ਵਿੱਚ 12, ਵੈਸਟਰਨ ਗਰੁਪੱ ਸੌਂਗ ਵਿੱਚ ਨੌਂ, ਕਲਾਸੀਕਲ ਇੰਸਟਰੂਮੈਂਟ ਸੋਲੋ ਪ੍ਰਕਸ਼ਨ ਵਿੱਚ ਸੱਤ ਅਤੇ ਕਲਾਸੀਕਲ ਇੰਸਟਰੂਮੈਂਟ ਨੌਨ ਪ੍ਰਕਸ਼ਨ ਵਿੱਚ ਅੱਠ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਸਿ਼ਰਕਤ ਕੀਤੀ। ਇਸ ਤੋਂ ਇਲਾਵਾ ਰੰਗੋਲੀ, ਕਾਰਟੂਨਿੰਗ, ਕੋਲਾਜ ਅਤੇ ਭਾਸ਼ਣ ਦੇ ਮੁਕਾਬਲੇ ਕਰਵਾਏ ਗਏ। ਵਰਨਣਯੋਗ ਹੈ ਕਿ ਮੀਂਹ ਕਾਰਨ ਯੂਨੀਵਰਸਿਟੀ ਵੱਲੋਂ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਗਏ ਤਾਂ ਕਿ ਮੇਲੇ ਦਾ ਆਯੋਜਨ ਕਿਸੇ ਵੀ ਤਰੀਕੇ ਅਸਰਅੰਦਾਜ਼ ਨਾ ਹੋਵੇ। ਨਾਟਕ ਦੇ ਮੁਕਾਬਲੇ ਪਹਿਲਾਂ ਓਪਨ-ਏਅਰ ਥੀਏਟਰ ਵਿੱਚ ਹੋਣੇ ਨਿਸ਼ਚਿਤ ਹੋਏ ਸਨ ਪਰ ਮੀਂਹ ਕਾਰਨ ਗੁਰੂ ਤੇਗ ਬਹਾਦਰ ਹਾਲ ਵਿੱਚ ਇਹ ਮੁਕਾਬਲੇ ਕਰਵਾਏ ਜੋ ਸਫਲਤਾ ਨਾਲ਼ ਸੰਪੰਨ ਹੋਏ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋ ਕਲਾ-ਵੰਨਗੀਆਂ ਦੇ ਮੁਕਾਬਲਿਆਂ ਨਾਲ਼ ਸੰਬੰਧਤ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਮੁੱਚੇ ਇੰਤਜ਼ਾਮਾਂ ਦਾ ਬਰੀਕੀ ਨਾਲ਼ ਜਾਇਜ਼ਾ ਲਿਆ ਗਿਆ। ਉਨ੍ਹਾਂ ਢੁਕਵੇਂ ਆਯੋਜਨ ਲਈ ਸੰਬੰਧਤ ਟੀਮਾਂ ਦੀ ਸ਼ਲਾਘਾ ਕੀਤੀ।
ਇਸ ਮੇਲੇ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਲਗਾਤਾਰ ਦੂਜੇ ਦਿਨ ਵੰਨ-ਸੁਵੰਨਤਾ ਵਾਲ਼ਾ ਖੁਸ਼ਨੁਮਾ ਮਾਹੌਲ ਬਣਿਆ ਰਿਹਾ। ਵੱਖ-ਵੱਖ ਥਾਵਾਂ ਤੋਂ ਪੁੱਜੇ ਵਿਦਿਆਰਥੀ ਕਲਾਕਾਰਾਂ ਅਤੇ ਉਨ੍ਹਾਂ ਦੇ ਟੀਮ ਇੰਚਾਰਜ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਅਤੇ ਯੂਨੀਵਰਸਿਟੀ ਦੇ ਸਮੁੱਚੇ ਮਾਹੌਲ ਦੀ ਸ਼ਲਾਘਾ ਕੀਤੀ। ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ਦੀ ਵੀ ਪ੍ਰਸ਼ੰਸ਼ਾ ਕੀਤੀ ਗਈ।
ਤੀਜੇ ਦਿਨ ਸ਼ੁੱਕਰਵਾਰ 2 ਫਰਵਰੀ ਨੂੰ ਕਲਾਸੀਕਲ ਸੋਲੋ ਡਾਂਸ, ਫ਼ੋਕ-ਔਰਕੈਸਟਰਾ, ਕਲਾਸੀਕਲ ਵੋਕਲ ਸੋਲੋ (ਹਿੰਦੁਸਤਾਨੀ/ਕਰਨਾਟਕ), ਵੈਸਟਰਨ ਇੰਸਟਰੂਮੈਂਟ ਸੋਲੋ, ਮੌਕੇ ਉੱਤੇ ਫ਼ੋਟੋਗਰਾਫ਼ੀ, ਮਹਿੰਦੀ, ਪੋਸਟਰ-ਮੇਕਿੰਗ, ਡਿਬੇਟ, ਨਾਟਕ ਅਤੇ ਮਾਈਮ ਦੇ ਮੁਕਾਬਲੇ ਹੋਣੇ ਹਨ।