ਅਦਾਰਿਆਂ ਦੇ ਬਿਹਤਰ ਸੰਚਾਲਨ ਲਈ ਨਿਰਧਾਰਿਤ ਨੇਮਾਂ ਦੀ ਬਹੁਤ ਜ਼ਿੰਮੇਵਾਰੀ ਨਾਲ਼ ਪਾਲਣਾ ਕਰਨੀ ਜ਼ਰੂਰੀ : ਪ੍ਰੋ. ਅਰਵਿੰਦ

ਦੁਆਰਾ: Punjab Bani ਪ੍ਰਕਾਸ਼ਿਤ :Saturday, 27 January, 2024, 05:18 PM

ਅਦਾਰਿਆਂ ਦੇ ਬਿਹਤਰ ਸੰਚਾਲਨ ਲਈ ਨਿਰਧਾਰਿਤ ਨੇਮਾਂ ਦੀ ਬਹੁਤ ਜ਼ਿੰਮੇਵਾਰੀ ਨਾਲ਼ ਪਾਲਣਾ ਕਰਨੀ ਜ਼ਰੂਰੀ : ਪ੍ਰੋ. ਅਰਵਿੰਦ

-ਪੰਜਾਬੀ ਯੂਨੀਵਰਸਿਟੀ ਵਿਖੇ ਲਹਿਰਾਇਆ ਤਿਰੰਗਾ

ਪਟਿਆਲਾ-
ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿਖੇ ਤਿਰੰਗਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ।
ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਪ੍ਰੋਗਰਾਮ ਕੀਤਾ ਗਿਆ ਜਿੱਥੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਸਮੂਹ ਹਾਜ਼ਰੀਨ ਨੂੰ ਸੰਬੋਧਤ ਹੋਏ। ਉਨ੍ਹਾਂ ਕਿਹਾ ਕਿ ਦੇਸ ਦਾ ਸੰਵਿਧਾਨ ਲਾਗੂ ਹੋਣ ਨਾਲ਼ ਜੁੜੇ ਇਸ ਦਿਨ ਉੱਤੇ ਸਾਨੂੰ ਅਸਲ ਅਰਥਾਂ ਵਿੱਚ ਸੰਵਿਧਾਨ ਅਨੁਸਾਰ ਵਿਚਰਨ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰਾਂ ਦੇ ਨਾਲ਼-ਨਾਲ਼ ਫ਼ਰਜ਼ਾਂ ਦੀ ਪਾਲਣਾ ਬਾਰੇ ਵੀ ਯਕੀਨੀ ਬਣਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਹਵਾਲੇ ਨਾਲ਼ ਗੱਲ ਕਰੀਏ ਤਾਂ ਸਾਨੂੰ ਅਦਾਰਿਆਂ ਦੇ ਬਿਹਤਰ ਸੰਚਾਲਨ ਲਈ ਨਿਰਧਾਰਿਤ ਨੇਮਾਂ ਦੀ ਬਹੁਤ ਜ਼ਿੰਮੇਵਾਰੀ ਨਾਲ਼ ਪਾਲਣਾ ਕਰਨੀ ਚਾਹੀਦੀ ਹੈ। ਆਪਣੇ ਜਮਹੂਰੀ ਹੱਕਾਂ ਦੀ ਮੰਗ ਕਰਦਿਆਂ ਹੋਰਨਾਂ ਦੇ ਜਮਹੂਰੀ ਹੱਕਾਂ ਦਾ ਵੀ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਪਹਿਲਾਂ ਦੇ ਮੁਕਾਬਲੇ ਸੁਖਾਵੀਂ ਹੋਣ ਅਤੇ ਬਿਹਤਰ ਨੈਕ (NAAC) ਗਰੇਡ ਹਾਸਲ ਹੋਣ ਸੰਬੰਧੀ ਵਧਾਈ ਵੀ ਦਿੱਤੀ।
ਇਸ ਪ੍ਰੋਗਰਾਮ ਦਾ ਸੰਚਾਲਨ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਗਏ।
ਇਸ ਵਾਰ ਇਸ ਪ੍ਰੋਗਰਾਮ ਵਿੱਚ ਸੁਰੱਖਿਆ ਅਮਲੇ ਦੇ ਕੁੱਝ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਡਾਇਰੈਕਟਰ, ਲੋਕ ਸੰਪਰਕ