ਪਟਿਆਲਾ ਜ਼ਿਲ੍ਹੇ ਨੂੰ ਸੜਕਾਂ 'ਤੇ ਫਿਰਦੇ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਾਉਣ ਲਈ ਰਣਨੀਤੀ ਉਲੀਕੀ

ਦੁਆਰਾ: Punjab Bani ਪ੍ਰਕਾਸ਼ਿਤ :Friday, 09 February, 2024, 06:48 PM

ਪਟਿਆਲਾ ਜ਼ਿਲ੍ਹੇ ਨੂੰ ਸੜਕਾਂ ‘ਤੇ ਫਿਰਦੇ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਾਉਣ ਲਈ ਰਣਨੀਤੀ ਉਲੀਕੀ
-ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾ ਕਮੇਟੀਆਂ ਨਾਲ ਬੈਠਕ
-ਮੁਫ਼ਤ ਬਿਜਲੀ ਦੇਣ ਲਈ ਗਊਸ਼ਾਲਾ ਕਮੇਟੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ
ਪਟਿਆਲਾ, 9 ਫਰਵਰੀ:
ਪਟਿਆਲਾ ਜ਼ਿਲ੍ਹੇ ਨੂੰ ਸੜਕਾਂ ‘ਤੇ ਫਿਰਦੇ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹੇ ਦੀਆਂ 36 ਗਊਸ਼ਾਲਾ ਕਮੇਟੀਆਂ ਦੇ ਨੁਮਾਇੰਦਆਂ ਨਾਲ ਇੱਕ ਅਹਿਮ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਗਊਸ਼ਾਲਾਵਾਂ ਦੀ ਮੌਜੂਦਾ ਸਮਰੱਥਾ ਤੇ ਪਸ਼ੂਆਂ ਦੀ ਗਿਣਤੀ ਸਮੇਤ ਸਮਰੱਥਾ ਵਧਾਉਣ ਲਈ ਹੋਰ ਨਵੇਂ ਸ਼ੈਡ ਬਣਾਉਣ, ਹੋਰ ਲੋੜਾਂ, ਕਾਓ ਸੈਸ, ਦਵਾਈਆਂ, ਮੁਰਦਾ ਜਾਨਵਰਾਂ ਨੂੰ ਚੁੱਕਣ ਸਮੇਤ ਹੋਰ ਅਹਿਮ ਮੁੱਦਿਆਂ ‘ਤੇ ਗਊਸ਼ਾਲਾ ਕਮੇਟੀਆਂ ਨਾਲ ਚਰਚਾ ਕੀਤੀ। ਇਸ ਮੌਕੇ ਗਊਸ਼ਾਲਾ ਕਮੇਟੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗਊਸ਼ਾਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਫ਼ਤ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਪਟਿਆਲਾ ਜ਼ਿਲ੍ਹੇ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂ ਨਹੀਂ ਹੋਣੇ ਚਾਹੀਦੇ, ਇਸ ਲਈ ਸੜਕਾਂ ‘ਤੇ ਫਿਰਦੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਖੇ ਪਹੁੰਚਾਇਆ ਜਾਵੇਗਾ, ਤਾਂ ਕਿ ਇਨ੍ਹਾਂ ਦੀ ਬਿਹਤਰ ਸਾਂਭ ਸੰਭਾਂਲ ਹੋਣ ਸਮੇਤ ਇਨ੍ਹਾਂ ਕਰਕੇ ਸੜਕਾਂ ‘ਤੇ ਹੁੰਦੇ ਹਾਦਸੇ ਵੀ ਰੋਕੇ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਤੇ ਨਗਰ ਕੌਂਸਲਾਂ ਕੋਲ ਇਹ ਅਧਿਕਾਰ ਹੈ ਕਿ ਉਹ ਪਸ਼ੂ ਰੱਖਣ ਵਾਲੇ ਡੇਅਰੀ ਮਾਲਕਾਂ ਵੱਲੋਂ ਆਪਣੇ ਪਸ਼ੂ ਦੁੱਧ ਚੋਣ ਤੋਂ ਬਾਅਦ ਸੜਕਾਂ ‘ਤੇ ਛੱਡਣ ਤੋਂ ਰੋਕਣ ਲਈ ਉਨ੍ਹਾਂ ਨੂੰ ਜੁਰਮਾਨੇ ਲਗਾ ਸਕਣ ਤੇ ਫੜੇ ਪਸ਼ੂਆਂ ਨੂੰ ਵਾਪਸ ਨਾ ਕੀਤਾ ਜਾਵੇ। ਇਸ ਲਈ ਪਸ਼ੂਆਂ ਨੂੰ ਦੁੱਧ ਚੋਣ ਤੋਂ ਬਾਅਦ ਸੜਕਾਂ ‘ਤੇ ਨਾ ਛੱਡਿਆ ਜਾਵੇ, ਕਿਉਂਕਿ ਸੜਕਾਂ ‘ਤੇ ਆਉਣ ਵਾਲੇ ਅਵਾਰਾ ਪਸ਼ੂ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣਦੇ ਹਨ।
ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਕੋਈ ਅਵਾਰਾ ਪਸ਼ੂ ਸੜਕਾਂ ‘ਤੇ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਇਨ੍ਹਾਂ ਦੀ ਸੰਭਾਲ ਗਊਸ਼ਾਲਾਵਾਂ ਵਿੱਚ ਕੀਤੀ ਜਾਵੇਗੀ, ਜਿਸ ਲਈ ਪੁਖ਼ਤਾ ਇੰਤਜਾਮ ਵੀ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਰਦਾ ਪਸ਼ੂਆਂ ਦੇ ਮ੍ਰਿਤਕ ਸਰੀਰਾਂ ਦੇ ਨਿਪਟਾਰੇ ਲਈ ਪਟਿਆਲਾ ਜ਼ਿਲ੍ਹੇ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਬਿਜਲਈ ਮਸ਼ੀਨ ਲਗਾਉਣ ਦੀ ਤਜਵੀਜ ਹੈ, ਇਸ ‘ਤੇ ਵੀ ਕੰਮ ਕੀਤਾ ਜਾਵੇਗਾ।
ਮੀਟਿੰਗ ਮੌਕੇ ਏ.ਡੀ.ਸੀ. ਨਵਰੀਤ ਕੌਰ ਸੇਖੋਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗੁਰਦਰਸ਼ਨ ਸਿੰਘ, ਕਾਰਜ ਸਾਧਕ ਅਫ਼ਸਰ ਰਾਕੇਸ਼ ਅਰੋੜਾ, ਜ਼ਿਲ੍ਹੇ ਦੀਆਂ 36 ਦੇ ਕਰੀਬ ਗਊਸ਼ਾਲਾਵਾਂ ਦੇ ਨੁਮਾਇੰਦੇ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।