ਬਸੰਤ ਪੰਚਮੀ ਦਿਹਾੜੇ ਮੌਕੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਟਰੈਫਿਕ ਦੀ ਸੁਚਾਰੂ ਵਿਵਸਥਾ ਲਈ ਆਰੰਭੀਆਂ ਤਿਆਰੀਆਂ

ਦੁਆਰਾ: Punjab Bani ਪ੍ਰਕਾਸ਼ਿਤ :Sunday, 11 February, 2024, 04:15 PM

ਬਸੰਤ ਪੰਚਮੀ ਦਿਹਾੜੇ ਮੌਕੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਟਰੈਫਿਕ ਦੀ ਸੁਚਾਰੂ ਵਿਵਸਥਾ ਲਈ ਆਰੰਭੀਆਂ ਤਿਆਰੀਆਂ
– ਗੁਰਦੁਆਰਾ ਪ੍ਰਬੰਧਕਾਂ ਅਤੇ ਡੀਐਸਪੀ ਟਰੈਫਿਕ ਨੇ ਤੈਅ ਕੀਤਾ ਸੰਗਤਾਂ ਦੇ ਆਉਣ-ਜਾਣ ਵਾਲਾ ਰੂਟ
ਪਟਿਆਲਾ, 11 ਫਰਵਰੀ — ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਦੇ ਦਿਹਾੜ੍ਹੇ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਟਰੈਫਿਕ ਅਧਿਕਾਰੀ ਡੀਐਸਪੀ ਕਰਨੈਲ ਸਿੰਘ ਵਿਚਾਲੇ ਸੰਗਤਾਂ ਦੇ ਆਮਦ ਨੂੰ ਵੇਖਦੇ ਪੁਖਤਾ ਇੰਤਜਾਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਗੁਰਦੁਆਰਾ ਪ੍ਰਬੰਧਕਾਂ ਅਤੇ ਜ਼ਿਲ੍ਹਾ ਟਰੈਫਿਕ ਅਧਿਕਾਰੀਆਂ ਨੇ ਸੰਗਤਾਂ ਦੇ ਆਉਣ ਜਾਣ ਵਾਲੇ ਰਸਤਿਆਂ ਅਤੇ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਗਈ। ਮੀਟਿੰਗ ਵਿਚ ਗੁਰਦੁਆਰਾ ਪ੍ਰਬੰਧਕਾਂ ਅਤੇ ਜ਼ਿਲ੍ਹਾ ਟਰੈਫਿਕ ਅਧਿਕਾਰੀਆਂ ਨੇ ਤੈਅ ਕੀਤਾ ਕਿ ਮੱਥਾ ਟੇਕਣ ਪੁੱਜਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਦੌਰਾਨ ਗੱਲਬਾਤ ਕਰਦਿਆਂ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਦੱਸਿਆ ਗੁਰੂ ਘਰ ਪ੍ਰਤੀ ਆਸਥਾ ਰੱਖਣ ਵਾਲੀਆਂ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਪੁੱਜਦੀਆਂ ਹਨ, ਜਿਸ ਕਾਰਨ ਸੰਗਤਾਂ ਦੇ ਆਉਣ ਜਾਣ ਸਮੇਂ ਆਉਂਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਆਮਦ ਦੇ ਨਾਲ ਨਾਲ ਕਾਰਾਂ ਅਤੇ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਵਿਵਸਥਾ ਕੀਤੀ ਜਾ ਰਹੀ ਤਾਂ ਕਿ ਟਰੈਫਿਕ ਨੂੰ ਸੁਚਾਰੂ ਰੱਖਿਆ ਜਾ ਸਕੇ।
– ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਵਾਹਨਾਂ ਦੀ ਪਾਰਕਿੰਗ ਲਈ ਕੀਤੀ ਨਿਸ਼ਾਨਦੇਹੀ : ਮੈਨੇਜਰ ਕਰਨੈਲ ਸਿੰਘ
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਰਨੈਲ ਸਿੰਘ ਨੇ ਦੱਸਿਆ ਕਿ ਬਸੰਤ ਪੰਚਮੀ ਤੋਂ ਪਹਿਲਾਂ ਸੰਗਤਾਂ ਦੇ ਆਉਣ ਜਾਣ ਲਈ ਵਾਹਨਾਂ ਦੀ ਪਾਰਕਿੰਗ ਲਈ ਵਿਵਸਥਾ ਕਰ ਦਿੱਤੀ ਜਾਵੇਗੀ। ਉਨ੍ਹਾਂ ਖੁਦ ਅੱਜ ਵੱਖ ਵੱਖ ਥਾਵਾਂ ’ਤੇ ਜਾ ਕੇ ਵੇਖਿਆ ਕਿ ਕਿਸ ਪਾਸੇ ਤੋਂ ਸੰਗਤ ਨੇ ਆਉਣਾ ਹੈ ਅਤੇ ਵਾਹਨਾਂ ਦੀ ਪਾਰਕਿੰਗ ਕਿੱਥੇ ਸਹੀ ਢੰਗ ਨਾਲ ਹੋ ਸਕਦੀ ਹੈ।
– ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਨਹੀਂ ਹੋਣ ਦੇਵਾਂਗੇ ਪ੍ਰੇਸ਼ਾਨੀ : ਡੀਐਸਪੀ ਕਰਨੈਲ ਸਿੰਘ
ਇਸ ਉਪਰੰਤ ਡੀਐਸਪੀ ਟਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਪੁਖਤਾ ਇੰਤਜਾਮ ਕੀਤੇ ਜਾਣਗੇ ਤਾਂ ਕਿ ਸੰਗਤਾਂ ਨੂੰ ਲੱਗੇ ਟਰੈਫਿਕ ਜਾਮ ਤੋਂ ਨਿਜ਼ਾਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਰਹਿੰਦ-ਫਤਿਹਗੜ੍ਹ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਲਈ ਅਨਾਜ ਮੰਡੀ ਦੇ ਨੇੜੇ ਤੇੜੇ ਵਾਹਨਾਂ ਲਈ ਪਾਰਕਿੰਗ ਕੀਤੀ ਜਾਵੇਗੀ, ਇਸੇ ਤਰ੍ਹਾਂ ਨਾਭਾ, ਮਾਲੇਰਕੋਟਲਾ ਵਾਲੇ ਪਾਸੇ ਤੋਂ ਆਉਂਦੀ ਸੰਗਤ ਲਈ ਗੁਰਦੁਆਰਾ ਸਾਹਿਬ ਦੇ ਨੇੜੇ ਪੁੱਡਾ ਗਰਾਊਂਡ, ਸੰਗਰੂਰ, ਸਮਾਣਾ ਤੋਂ ਆਉਣ ਵਾਲੇ ਰੂਟ ਦੀ ਸੰਗਤ ਲਈ ਪਾਰਕਿੰਗ ਦੀ ਵਿਵਸਥਾ ਗੁਰਦੁਆਰਾ ਸਾਹਿਬ ਨੇੜੇ ਬਾਰਾਂਦਰੀ ਵਿਖੇ ਅਤੇ ਚੰਡੀਗੜ੍ਹ, ਰਾਜਪੁਰਾ, ਅੰਬਾਲਾ ਤੋਂ ਆਉਣ ਵਾਲੀ ਸੰਗਤ ਲਈ ਪੁਰਾਣੇ ਬੱਸ ਅੱਡੇ ਦੇ ਨੇੜੇ ਨਿਸ਼ਾਨਦੇਹੀ ਕੀਤੀ ਜਾ ਰਹੀ ਅਤੇ ਪਾਰਕਿੰਗ ਲਈ ਹੋਰਡਿੰਗ ਲਗਾਕੇ ਸੰਗਤਾਂ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ ਤਾਂ ਕਿ ਸੰਗਤ ਪ੍ਰੇਸ਼ਾਨ ਨਾ ਹੋਵੇ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਕਿ ਸੰਗਤ ਦੀ ਆਮਦ ਦੇ ਚੱਲਦਿਆਂ ਜ਼ਿਲ੍ਹਾ ਟਰੈਫਿਕ ਪ੍ਰਸ਼ਾਸਨ ਤੋਂ ਸਹਿਯੋਗ ਮਿਲ ਰਿਹਾ, ਜਿਨ੍ਹਾਂ ਨਾਲ ਤਾਲਮੇਲ ਕਰਕੇ ਬਸੰਤ ਪੰਚਮੀ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇ. ਜਰਨੈਲ ਸਿੰਘ ਮਕਰੌੜ ਸਾਹਿਬ, ਮਨਦੀਪ ਸਿੰਘ ਭਲਵਾਨ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਜਸਵਿੰਦਰ ਸਿੰਘ ਬਿੱਲਾ, ਕਰਮ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਟਰੈਫਿਕ ਇੰਚਾਰਜ ਦਿਹਾਤੀ ਲਾਡੀ ਪਹਿਰੀ, ਭਾਈ ਹਜੂਰ ਸਿੰਘ, ਗੁਰਤੇਜ ਸਿੰਘ, ਮਨਦੀਪ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਅਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।



Scroll to Top