ਜੇਲ ਵਿੱਚ ਬੰਦ ਇਮਰਾਨ ਖਾਨ ਦੀ ਪਾਰਟੀ ਨੇ ਕੀਤਾ ਜਿੱਤ ਦਾ ਦਾਅਵਾ, ਕਿਹਾ : ਕੀਤੀ ਜਾ ਰਹੀ ਹੈ ਧਾਂਦਲੀ

ਦੁਆਰਾ: Punjab Bani ਪ੍ਰਕਾਸ਼ਿਤ :Friday, 09 February, 2024, 07:23 PM

ਜੇਲ ਵਿੱਚ ਬੰਦ ਇਮਰਾਨ ਖਾਨ ਦੀ ਪਾਰਟੀ ਨੇ ਕੀਤਾ ਜਿੱਤ ਦਾ ਦਾਅਵਾ, ਕਿਹਾ : ਕੀਤੀ ਜਾ ਰਹੀ ਹੈ ਧਾਂਦਲੀ
ਇਸਲਾਮਾਬਾਦ, 9 ਫਰਵਰੀ
ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਦੇਸ਼ ਦੀਆਂ ਆਮ ਚੋਣਾਂ ‘ਚ ਜਿੱਤ ਦਾ ਦਾਅਵਾ ਕਰਦੇ ਹੋਏ ਦੋਸ਼ ਲਗਾਇਆ ਕਿ ਨਤੀਜਿਆਂ ‘ਚ ਧਾਂਦਲੀ ਕਰਨ ਲਈ ਨਤੀਜਿਆਂ ‘ਚ ਦੇਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਪੀਐੱਮਐੱਲ-ਐੱਨ ਦੇ ਸੁਪਰੀਮ ਨੇਤਾ ਨਵਾਜ਼ ਸ਼ਰੀਫ਼ ਨੂੰ ਹਾਰ ਮੰਨਣ ਲਈ ਕਿਹਾ। ਪੀਐੱਮਐੱਲ-ਐੱਨ ਨੇ ਹਾਲਾਂਕਿ ਇਸ ਮੰਗ ਨੂੰ ਠੁਕਰਾ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਵੀਰਵਾਰ ਦੀਆਂ ਚੋਣਾਂ ਜਿੱਤ ਰਹੀ ਹੈ। ਪਾਕਿਸਤਾਨ ਵਿੱਚ ਵੀਰਵਾਰ ਦੀਆਂ ਆਮ ਚੋਣਾਂ ਤੋਂ ਬਾਅਦ ਹਾਲੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ, ਜਿਸ ਵਿੱਚ ਧਾਂਦਲੀ, ਹਿੰਸਾ ਅਤੇ ਦੇਸ਼ ਵਿਆਪੀ ਮੋਬਾਈਲ ਫ਼ੋਨ ਬੰਦ ਹੋਣ ਦੇ ਦੋਸ਼ ਲੱਗੇ ਸਨ। ਮੈਦਾਨ ਵਿਚ ਦਰਜਨਾਂ ਪਾਰਟੀਆਂ ਸਨ ਪਰ ਮੁੱਖ ਮੁਕਾਬਲਾ ਖਾਨ ਦੀ ਪੀਟੀਆਈ, ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਅਤੇ ਬਿਲਾਵਲ ਜ਼ਰਦਾਰੀ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿਚ ਸੀ, ਇਮਰਾਨ ਦੀ ਪਾਰਟੀ ਦੇ ਉਮੀਦਵਾਰ ਆਜ਼ਾਦ ਤੌਰ ‘ਤੇ ਚੋਣ ਲੜੇ। ਅਗਲੀ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ 265 ਵਿੱਚੋਂ 133 ਸੀਟਾਂ ਜਿੱਤਣੀਆਂ ਲਾਜ਼ਮੀ ਹਨ। ਰਿਪੋਰਟਾਂ ਅਨੁਸਾਰ ਪੀਟੀਆਈ ਨੇ 150 ਤੋਂ ਵੱਧ ਨੈਸ਼ਨਲ ਅਸੈਂਬਲੀ ਸੀਟਾਂ ਜਿੱਤੀਆਂ ਹਨ ਅਤੇ ਸਪੱਸ਼ਟ ਬਹੁਮਤ ਨਾਲ ਸੰਘੀ, ਪੰਜਾਬ ਅਤੇ ਖੈਬਰ-ਪਖਤੂਨਖਵਾ ਵਿੱਚ ਸਰਕਾਰ ਬਣਾਉਣ ਲਈ ਮਜ਼ਬੂਤ ਹਾਲਤ ਵਿੱਚ ਹੈ।