ਪਲੇਸਮੈਂਟ ਡਰਾਈਵ ਦੌਰਾਨ ਮੋਦੀ ਕਾਲਜ ਦੇ 45 ਵਿਦਿਆਰਥੀ ਆਟੋ-ਮੋਬਾਈਲ ਸੈਕਟਰ ਦੁਆਰਾ ਨੌਕਰੀ ਲਈ ਕੀਤੇ ਗਏ ਸ਼ਾਰਟ-ਲਿਸਟ

ਦੁਆਰਾ: Punjab Bani ਪ੍ਰਕਾਸ਼ਿਤ :Tuesday, 06 February, 2024, 06:32 PM

ਪਲੇਸਮੈਂਟ ਡਰਾਈਵ ਦੌਰਾਨ ਮੋਦੀ ਕਾਲਜ ਦੇ 45 ਵਿਦਿਆਰਥੀ ਆਟੋ-ਮੋਬਾਈਲ ਸੈਕਟਰ ਦੁਆਰਾ ਨੌਕਰੀ ਲਈ ਕੀਤੇ ਗਏ ਸ਼ਾਰਟ-ਲਿਸਟ
ਪਟਿਆਲਾ: 6 ਫਰਵਰੀ, 2024
ਮੁਲਤਾਨੀ ਮੱਲ ਮੋਦੀ ਕਾਲਜ ਦੇ ਪਲੇਸਮੈਂਟ ਸੈੱਲ ਨੇ ਆਟੋ-ਮੋਬਾਈਲ ਸੈਕਟਰ ਵਿੱਚ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਲਈ, ਰਾਜ ਵਹੀਕਲ ਕੰਪਨੀ ਦੇ ਸਹਿਯੋਗ ਨਾਲ ਇੱਕ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ।ਇਸ ਪਲੇਸਮੈਂਟ ਡਰਾਈਵ ਦੇ ਦੌਰਾਨ 45 ਵਿਦਿਆਰਥੀਆਂ ਦੀ ਇੰਟਰਵਿਊ ਆਯੋਜਿਤ ਕੀਤੀ ਗਈ ਅਤੇ ਉਹਨਾਂ ਨੂੰ ਰਾਜ ਵਹੀਕਲ ਪ੍ਰਾਈਵੇਟ ਲਿਮਟਿਡ ਵੱਲੋਂ ਦੁਆਰਾ ਮਹਿੰਦਰਾ ਐਂਡ ਮਹਿੰਦਰ ਅਤੇ ਹਾਂਡਾ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਮਾਰਕੀਟਿੰਗ ਅਤੇ ਸੇਲਜ਼ ਵਿਭਾਗ, ਸਰਵਿਸ ਮਾਰਕੀਟਿੰਗ ਵਿਭਾਗ ਅਤੇ ਹੋਰ ਸਹਾਇਕ ਵਿਭਾਗਾਂ ਲਈ ਸ਼ਾਰਟ-ਲਿਸਟ ਕੀਤਾ ਗਿਆ। ਚੋਣ ਟੀਮ ਦੀ ਅਗਵਾਈ ਹਿਊਮਨ ਰਿਸੋਰਸ ਮੈਨੇਜਰ ਸ੍ਰੀ ਰਾਹੁਲ ਸ਼ਰਮਾ ਅਤੇ ਮਿਸ. ਰਸ਼ਿਮਾ ਸ਼ਰਮਾ ਨੇ ਕੀਤੀ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਹਿਊਮਨ ਰਿਸੋਰਸ ਟੀਮ ਦਾ ਕਾਲਜ ਕੈਂਪਸ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਸ਼ਾਰਟ ਲਿਸਟ ਕੀਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਉਨ੍ਹਾਂ ਕਿਹਾ ਕਿ ਸਾਡਾ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਹੁਨਰ ਅਧਾਰਤ ਸਿਖਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਨਾਲ ਉਹ ਆਪਣੇ ਸਫਲ ਕੈਰੀਅਰ ਅਤੇ ਚੰਗੇ ਜੀਵਨ ਦਾ ਸੁਪਨਾ ਸਕਾਰ ਕਰ ਸਕਣ।ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਈ ਪਲੇਸਮੈਂਟ ਡਰਾਈਵਾਂ ਦਾ ਆਯੋਜਨ ਕਰਨ ਜਾ ਰਿਹਾ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਵਧੀਆ ਨੌਕਰੀਆਂ ਅਤੇ ਅਹੁਦਿਆਂ ਲਈ ਚੁਣੇ ਜਾਣ ਦਾ ਮੌਕਾ ਮਿਲ ਸਕੇ।
ਪ੍ਰੋ. ਪਰਮਿੰਦਰ ਕੌਰ, ਕਾਮਰਸ ਵਿਭਾਗ ਨੇ ਵਿਦਿਆਰਥੀਆਂ ਦੀ ਹਿਊਮਨ ਰਿਸੋਰਸ ਟੀਮ ਦੇ ਲੀਡਰਾਂ ਨਾਲ ਜਾਣ-ਪਛਾਣ ਕਰਵਾਈ ਅਤੇ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਡਾ. ਰੋਹਿਤ ਸਚਦੇਵਾ, ਕੰਪਿਊਟਰ ਸਾਇੰਸ ਵਿਭਾਗ ਨੇ ਕਿਹਾ ਕਿ ਸਾਡਾ ਪਲੇਸਮੈਂਟ ਸੈੱਲ ਵੱਖ-ਵੱਖ ਨੌਕਰੀਆਂ ਲਈ ਅਲੱਗ-ਅਲੱਗ ਖੇਤਰਾਂ ਵਿੱਚ ਰੋਜ਼ਗਾਰ ਫਰਮਾਂ ਅਤੇ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਅਸੀਂ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਨੂੰ ਸੁਚਾਰੂ ਢੰਗ ਨਾਲ ਚੁਣਨ ਲਈ ਮਦਦਗਾਰ ਹੋ ਸਕੀਏ। ਡਾ. ਹਰਲੀਨ ਕੌਰ, ਅੰਗਰੇਜ਼ੀ ਵਿਭਾਗ ਅਤੇ ਡਾ. ਕੁਲਦੀਪ ਕੌਰ, ਜਨ-ਸੰਚਾਰ ਅਤੇ ਪੱਤਰਕਾਰੀ ਵਿਭਾਗ ਨੇ ਇੰਟਰਵਿਊ ਪ੍ਰਕਿਰਿਆ ਅਤੇ ਪਲੇਸਮੈਂਟ ਡਰਾਈਵ ਨੂੰ ਸੰਚਾਰੂ ਰੂਪ ਨਾਲ ਚਲਾਉਣ ਵਿੱਚ ਢੁਕਵਾਂ ਸਹਿਯੋਗ ਦਿੱਤਾ।



Scroll to Top