ਸਿਹਤ ਮੰਤਰੀ ਵੱਲੋਂ ਪਟਿਆਲਾ ਨੂੰ ਹੋਰ ਸੁੰਦਰ ਤੇ ਬਿਹਤਰ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਬੈਠਕ
ਸਿਹਤ ਮੰਤਰੀ ਵੱਲੋਂ ਪਟਿਆਲਾ ਨੂੰ ਹੋਰ ਸੁੰਦਰ ਤੇ ਬਿਹਤਰ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਬੈਠਕ
-ਡਾ. ਬਲਬੀਰ ਸਿੰਘ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼, ਐਨ.ਜੀ.ਓਜ ਵੱਲੋਂ ਉਠਾਏ ਮਸਲੇ ਤੁਰੰਤ ਹੱਲ ਹੋਣ
-ਪਟਿਆਲਾ ਦੀ ਬਿਹਤਰੀ ਲਈ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਆਪਣੀ ਭੂਮਿਕਾ ਨਿਭਾਉਣ-ਡਾ. ਬਲਬੀਰ ਸਿੰਘ
ਪਟਿਆਲਾ, 8 ਜਨਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਬਿਹਤਰੀ ਅਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਸ਼ਹਿਰ ਦੀਆਂ ਅਹਿਮ ਸਮਾਜ ਸੇਵੀ ਸੰਸਥਾਵਾਂ ਨਾਲ ਬੈਠਕ ਕਰਕੇ ਮਸਲੇ ਸੁਣੇ ਅਤੇ ਸੁਝਾਓ ਪ੍ਰਾਪਤ ਕੀਤੇ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਐਨ. ਜੀ. ਓਜ਼. ਵੱਲੋਂ ਉਠਾਏ ਗਏ ਮਸਲੇ ਤੁਰੰਤ ਹੱਲ ਕੀਤੇ ਜਾਣ ਅਤੇ ਦਿੱਤੇ ਗਏ ਸੁਝਾਵਾਂ ‘ਤੇ ਵੀ ਅਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ । ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜ਼ਿਨ੍ਹਾਂ ਕੋਲ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੀ ਹੈ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਸੋਚ ਹੈ ਕਿ ਪਟਿਆਲਾ ਸ਼ਹਿਰ ‘ਚ ਪਿਛਲੀਆਂ ਸਰਕਾਰਾਂ ਸਮੇਂ ਜਿਹੜੀਆਂ ਕਮੀਆਂ ਰਹਿ ਗਈਆਂ ਹਨ, ਉਹ ਦੂਰ ਕਰਕੇ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਬਿਹਤਰ ਤੇ ਵਿਕਸਤ ਸ਼ਹਿਰ ਬਣਾਇਆ ਜਾਵੇ, ਇਸ ਲਈ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈਕੇ ਚੱਲ ਰਹੇ ਹਨ । ਉਨ੍ਹਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਪਟਿਆਲਾ ਸ਼ਹਿਰ ਦੀ ਬਿਹਤਰੀ ਲਈ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ । ਡਾ. ਬਲਬੀਰ ਸਿੰਘ ਨੇ ਜਨ ਹਿਤ ਸੰਮਤੀ, ਪਟਿਆਲਾ ਅਵਰ ਪ੍ਰਾਈਡ, ਹੈਲਥ ਅਵੇਰਨੈਸ ਸੁਸਾਇਟੀ, ਪਟਿਆਲਾ ਇੰਡਸਟਰੀਜ ਐਸੋਸੀਏਸ਼ਨ, ਯੂਥ ਫੈਡਰੇਸ਼ਨ ਆਫ਼ ਇੰਡੀਆ, ਸ੍ਰੀ ਪਰਸ਼ੂਰਾਮ ਬ੍ਰਹਾਮਣ ਸਭਾ, ਐਸ. ਡੀ. ਕੇ. ਐਸ. ਆਦਿ ਐਨ. ਜੀ. ਓਜ਼. ਦੇ ਨੁਮਾਇੰਦਿਆਂ ਵੱਲੋਂ ਉਠਾਏ ਗਏ ਸ਼ਹਿਰ ਸਬੰਧੀ ਵੱਖ-ਵੱਖ ਮਸਲੇ ਗੰਭੀਰਤਾ ਨਾਲ ਸੁਣੇ । ਉਨ੍ਹਾਂ ਨੇ ਇਨ੍ਹਾਂ ਮਸਲਿਆਂ ਬਾਬਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ।
ਬੈਠਕ ਦੌਰਾਨ ਐਨ. ਜੀ. ਓਜ਼ ਨੇ ਸ਼ਹਿਰ ਵਿੱਚ ਟ੍ਰੈਫਿਕ ਦੀਆਂ ਦਿੱਕਤਾਂ, ਸਾਫ਼-ਸਫ਼ਾਈ, ਪਾਰਕਾਂ ਦੀ ਸਾਂਭ-ਸੰਭਾਲ, ਵੱਖ-ਵੱਖ ਅਧੂਰੇ ਵਿਕਾਸ ਪ੍ਰਾਜੈਕਟ, ਸੜਕਾਂ ਦੀ ਮੁਰੰਮਤ, ਅਵਾਰਾ ਪਸ਼ੂਆਂ ਤੇ ਗਲੀਆਂ ਦੇ ਕੁੱਤਿਆਂ, ਕਾਲੀ ਦੇਵੀ ਮੰਦਿਰ ਨਾਲ ਸਬੰਧਤ ਮਸਲੇ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੇ ਮੰਦਿਰ ਨੇੜੇ ਪੈਦਲ ਪੁਲ ‘ਤੇ ਲਗਾਏ ਗਏ ਐਸਕੇਲੇਟਰ ਦੇ ਨਾਲ ਚੱਲਣ ਬਾਰੇ, ਸ਼ਹਿਰ ‘ਚ ਵਾਹਨਾਂ ਦੀ ਪਾਰਕਿੰਗ, ਬਾਰਾਂਦਰੀ ਦੀਆਂ ਮੁਸ਼ਕਿਲਾਂ, ਸ਼ਹਿਰ ਅੰਦਰਲੇ ਸਕੂਲਾਂ ਕਰਕੇ ਜਾਮ ਹੁੰਦੀਆਂ ਸੜਕਾਂ, ਨਵੇਂ ਬੱਸ ਅੱਡੇ ਨੇੜੇ ਲੱਗਦਾ ਜਾਮ, ਨਵੀਂ ਬਣ ਰਹੀ ਸਰਹਿੰਦ ਰੋਡ ‘ਤੇ ਕਲੋਨੀਆਂ ਨੂੰ ਰਸਤੇ, ਸੜਕਾਂ ਕਿਨਾਰੇ ਦਰਖਤਾਂ ਦੀ ਛੰਗਾਈ, ਨਵੇਂ ਦਰਖਤ ਲਾਉਣੇ, ਨਸ਼ਿਆਂ ਤੇ ਸਕੂਟਰ-ਮੋਟਰਸਾਇਕਲ ਚੋਰੀਆਂ ਦੀਆਂ ਵਾਰਦਾਤਾਂ ਆਦਿ ਦੇ ਮਸਲੇ ਉਠਾਏ । ਸਿਹਤ ਮੰਤਰੀ ਨੇ ਕਿਹਾ ਕਿ ਉਹ ਪਟਿਆਲਾ ਦੀ ਬਿਹਤਰੀ ਲਈ ਅਜਿਹੀਆਂ ਮੀਟਿੰਗਾਂ ਨਿਯਮਤ ਰੂਪ ‘ਚ ਕਰਦੇ ਰਹਿਣਗੇ । ਉਨ੍ਹਾਂ ਨੇ ਇਸ ਦੌਰਾਨ ਨਗਰ ਨਿਗਮ, ਪੀ. ਡੀ. ਏ., ਜਲ ਸਪਲਾਈ, ਪੇਂਡੂ ਵਿਕਾਸ, ਲੋਕ ਨਿਰਮਾਣ, ਜੰਗਲਾਤ, ਸਕੂਲ ਸਿੱਖਿਆ, ਮੰਡੀ ਬੋਰਡ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਟਿਆਲਾ ਦਿਹਾਤੀ ਹਲਕੇ ਨਾਲ ਸਬੰਧਤ ਆਪਣੇ ਪ੍ਰਾਜੈਕਟ ਬਣਾ ਕੇ ਲਿਆਉਣ ਤਾਂ ਕਿ ਇਨ੍ਹਾਂ ਨੂੰ ਪਾਸ ਕਰਵਾ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾਣ । ਬੈਠਕ ਮੌਕੇ ਏ. ਡੀ. ਸੀਜ. ਇਸ਼ਾ ਸਿੰਗਲ, ਨਵਰੀਤ ਕੌਰ ਸੇਖੋਂ, ਪੀ. ਡੀ. ਏ. ਦੇ ਏ. ਸੀ. ਏ. ਜਸ਼ਨਪ੍ਰੀਤ ਕੌਰ ਗਿੱਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਦੀਪਜੋਤ ਕੌਰ, ਐਸ. ਡੀ. ਐਮ. ਮਨਜੀਤ ਕੌਰ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਡੀ. ਐਸ. ਪੀ. ਮਨੋਜ ਗੋਰਸੀ, ਕਾਰਜਕਾਰੀ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਸਮੇਤ ਕੌਂਸਲਰ ਜਸਬੀਰ ਸਿੰਘ ਗਾਂਧੀ, ਹਰੀ ਚੰਦ ਬਾਂਸਲ, ਜਗਤਾਰ ਸਿੰਘ ਜੱਗੀ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ ।