ਕੁਲੈਕਟਰ ਰੇਟ 'ਤੇ ਬਵਾਲ
ਕੁਲੈਕਟਰ ਰੇਟ ‘ਤੇ ਬਵਾਲ
ਨਾਦਰਸ਼ਾਹੀ ਫਰਮਾਨ ਅੱਗੇ ਤਰਾਹ ਤਰਾਹ ਕਰ ਰਹੇ ਹਨ ਲੋਕ
– ਡੀ.ਸੀ. ਵਲੋ ਬਣਾਈ ਕਮੇਟੀ ਦੀ ਨਹੀ ਹੋਈ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗ
– ਪਟਿਆਲਾ ਵਿਚ ਸਾਰੇ ਪੰਜਾਬ ਤੋਂ ਵਧੇ ਸਨ ਕੁਲੈਕਟਰ ਰੇਟ
ਪਟਿਆਲਾ : ਕੁੱਝ ਮਹੀਨੇ ਪਹਿਲਾਂ ਨਾਦਰਸ਼ਾਹੀ ਫਰਮਾਨ ਕਰਕੇ ਵਧਾਏ ਗਏ ਕੁਲੈਕਟਰ ਰੇਟਾਂ ਨੂੰ ਲੈ ਕੇ ਜਿਲਾ ਪਟਿਆਲਾ ਦੇ ਲੋਕ ਇਸ ਫਰਮਾਨ ਅੱਗੇ ਤਰਾਹ ਤਰਾਹ ਕਰ ਰਹੇ ਹਨ । ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਵਲੋ ਰੇਟ ਘੱਟ ਕਰਨ ਨੂੰ ਲੈ ਕੇ ਦਰਜਨਾਂ ਗੁਹਾਰਾਂ ਤੇ ਬੇਨਤੀਆਂ ਕੀਤੀਆਂ ਜਾ ਚੁਕੀਆਂ ਹਨ ਪਰ ਇਸ ਤਰ੍ਹਾਂ ਲਗ ਰਿਹਾ ਹੈ ਕਿ ਸਾਰੇ ਅਧਿਕਾਰੀ ਕੁੰਭਕਰਨੀ ਨੀਦ ਸੁਤੇ ਹੋਏ । ਹੈਰਾਨੀ ਹੈ ਕਿ ਇਸ ਸਬੰਧੀ ਡੀ. ਸੀ. ਵਲੋ ਬਣਾਈ ਸਬ ਕਮੇਟੀ ਦੀ ਮੀਟਿੰਗ ਵੀ ਪਿਛਲੇ ਚਾਰ ਮਹੀਨਿਆਂ ਤੋਂ ਨਹੀ ਹੋਈ ਹੈ । ਇਹ ਗੱਲ ਵੀ ਪੂਰੀ ਤਰ੍ਹਾਂ ਸਪੱਸਟ ਹੈ ਕਿ ਪੰਜਾਬ ਸਰਕਾਰ ਵਲੋ ਪੰਜਾਬ ਵਿਚ ਰੁਟੀਨ ਵਾਂਗ ਕੁਲੈਕਟਰ ਰੇਟ ਵਧਾਉਣ ਦੇ ਹੁਕਮ ਜਾਰੀ ਹੋਏ ਸਨ ਪਰ ਪਟਿਆਲਾ ਜਿਲੇ ਵਿਚ ਸਭ ਤੋਂ ਵਧ ਕੁਲੈਕਟਰ ਰੇਟ ਵਧਾਏ ਗਏ ਸਨ । ਇਹ ਕੁਲੈਕਟਰ ਰੇਟ 50 ਫੀਸਦੀ ਤੱਕ ਵਧਾ ਦਿਤੇ ਗਏ। ਹਾਲਾਂਕਿ ਇਸੇ ਸਮੇ ਬਾਕੀ ਪੰਜਾਬ ਦੇ ਜਿਲਿਆਂ ਵਿਚ ਵੀ ਰੇਟ ਵਧੇ ਸਨ, ਜਿਥੇ ਕੁਲੈਕਟਰ ਰੇਟ ਸਿਰਫ 10 ਤੋਂ 15 ਫੀਸਦੀ ਵਧਾਏ ਗਏ ਸਨ । ਪਟਿਆਲਾ ਦੇ ਕਈ ਕਲੋਨੀਆਂ ਤੇ ਏਰੀਆ ਅਜਿਹੇ ਹਨ, ਜਿਥੇ ਰੇਟ ਡਬਲ ਡਬਲ ਜਾਂ 10-10 ਗੁਣਾ ਵੀ ਵਧਾ ਦਿਤੇ ਗਏ । ਲੋਕਾਂ ‘ਤੇ ਇਕ ਦਮ ਭਾਰ ਵਧਾ ਦਿੱਤਾ ਗਿਆ । ਲੋਕ ਬਾਰ ਬਾਰ ਇਸ ਗੱਲ ਨੂੰ ਲੈ ਕੇ ਅਧਿਕਾਰੀਆਂ ਕੋਲ ਬੇਨਤੀਆਂ ਕਰ ਰਹੇ ਹਨ ਕਿ ਉਨ੍ਹਾ ਨੂੰ ਇਨਸਾਫ ਦਿਤਾ ਜਾਵੇ ਪਰਇਨਸਾਫ ਦੇਣ ਵਾਲੀ ਕਮੇਟੀ ਦੀ ਕੋਈ ਵੀ ਮੀਟਿੰਗ ਨਹੀ ਹੋਈ, ਜਿਸ ਕਾਰਨ ਸਭ ਕੁਝ ਗੋਲ ਮਾਲ ਹੈ ।
-ਸਬ ਰਜਿਸਟਰਾਰ ਨੇ 20 ਨਵੰਬਰ ਨੂੰ ਭੇਜੇ ਡੀ. ਸੀ. ਦੇ ਪੱਤਰ ਦਾ ਨਹੀ ਦਿੱਤਾ ਕੋਈ ਜਵਾਬ : ਮੰਗੀ ਸੀ ਚਾਰ ਦਿਨਾਂ ਿਵਚ ਰਿਪੋਰਟ
ਕੁਲੈਕਟਰ ਰੇਟਾਂ ਦੇ ਵਧਣ ਕਾਰਨ ਲਗਭਗ ਇੱਕ ਦਰਜਨ ਕਲੋਨੀਆਂ ਵਲੋ ਡੀਸੀ ਦਫ਼ਤਰ ਵਿਚ ਇਸਦੀ ਫਰਿਆਦ ਲਗਾਈ ਗਈ ਸੀ ਕਿ ਉਨ੍ਹਾਂ ਨਾਲ ਬੇਹਦ ਧਕਾ ਹੋਇਆ ਹੈ। ਉਨ੍ਹਾ ਦੇ ਰੇਟ 2-2 ਗੁਣਾ ਕਈ ਕਈ ਗੁਣਾ ਕਰ ਦਿਤੇ ਗਏ ਹਨ, ਇਸ ਲਈ ਉਨ੍ਹਾਂ ਦੀਆਂ ਬੇਨਤੀਆਂ ‘ਤੇ ਵਿਚਾਰ ਕੀਤਾ ਜਾਵੇ ਤੇ ਬਾਕੀ ਪਜੰਾਬ ਵਾਂਗ ਹੀ ਥੋੜਾ ਵਾਧਾ ਕੀਤਾ ਜਾਵੇ, ਜਿਸਦੇ ਚਲਦਿਆਂ ਡਿਪਟੀ ਕਮਿਸ਼ਨਰ ਨੇ 20 ਨਵੰਬਰ 2024 ਨੂੰ ਸਬ ਰਜਿਸਟਰਾਰ ਪਟਿਆਲਾ ਨੂੰ ਇਕ ਪੱਤਰ ਲਿਖਿਆ ਕਿ ਹੇਠਲੀ ਕਲੋਨੀਆਂ ਸਬੰਧੀ ਮੁੜ ਸਹੀ ਫੈਸਲਾ ਲੈਂਦਿਆਂ ਲੋਕਾਂ ਦੀ ਰਾਏ ਲੈ ਕੇ ਰਿਪੋਰਟ ਸਬਮਿਟ ਕੀਤੀ ਜਾਵੇ ਤੇ ਇਸ ਰਿਪੋਰਟ ਦਾ ਜਵਾਬ ਚਾਰ ਦਿਨਾਂ ਦੇ ਅੰਦਰ ਅੰਦਰ ਦਿੱਤਾ ਜਾਵੇ ਪਰ ਹੈਰਾਨੀ ਹੈ ਕਿ ਅੱਜ ਤੱਕ ਸਬ ਰਜਿਸਟਰਾਰ ਨੇ ਜਵਾਬ ਹੀ ਨਹੀ ਦਿੱਤਾ । ਇਸ ਸਬੰਧੀ ਮੁੜ ਵੀ ਇੱਕ ਪੱਤਰ ਸਬ ਰਜਿਸਟਰਾਰ ਨੂੰ ਭੇਜਿਆ ਗਿਆ ਹੈ ਪਰ ਸਬ ਰਜਿਸਟਰਾਰ ਦੇ ਦਫ਼ਤਰ ਵਿਚ ਪੱਤਰ ਹੀ ਨਹੀ ਲਭਦਾ, ਜਿਸਤੋ ਪਤਾ ਚਲਦਾ ਹੈ ਕਿ ਸਭ ਕੁਝ ਗੋਲਮਾਲ ਹੋ ਰਿਹਾ ਹੈ ।
-ਡੀ. ਸੀ. ਵੱਡਾ ਜਾਂ ਸਬ ਰਜਿਸਟਰਾਰ ਹਰ ਕਿਸੇ ਦੀ ਜੁਬਾਨ ‘ਤੇ ਚਰਚਾ
ਡੀਸੀ ਪਟਿਆਲਾ ਦੇ ਪੱਤਰ ਦਾ ਜਵਾਬ ਨਾ ਦੇਣ ਕਾਰਨ ਹੁਣ ਲੋਕਾਂ ਦੀ ਜੁਬਾਨ ‘ਤੇ ਇਹ ਗੱਲ ਆ ਗਈ ਹੈ ਕਿ ਡੀਸੀ ਵੱਡਾ ਜਾਂ ਸਬ ਰਜਿਸਟਰਾਰ । ਡੀ. ਸੀ. ਪਟਿਆਲਾ ਜਿਲਾ ਦਾ ਓਵਰ ਆਲ ਇੰਚਾਰਜ ਹੁੰਦਾ ਹੈ ਪਰ ਸਬ ਰਜਿਸਟਰਾਰ ਸਿਰਫ ਇਕ ਤਹਿਸੀਲਦਾਰ ਪਰ ਹੈਰਾਨੀ ਹੈ ਕਿ ਡਿਪਟੀ ਕਮਿਸਨਰ ਦੇ ਪੱਤਰ ਦੀ ਕੋਈ ਵੀ ਪ੍ਰਵਾਹ ਨਹੀ ਕੀਤੀ ਜਾ ਰਹੀ, ਜਿਸਤੋ ਇਸ ਤਰ੍ਹਾਂ ਲਗਦਾ ਹੈ ਕਿ ਪਟਿਆਲਾ ਦੇ ਸਬ ਰਜਿਸਟਰਾਰ ਡੀ. ਸੀ. ਤੋਂ ਵੱਡੇ ਹਨ ।
-ਦਰਜਨ ਕਲੋਨੀਆਂ ਨੇ ਰੇਟ ਰਿਵਾਇਜ ਕਰਨ ਲਈ ਦਿਤੀਆਂ ਹੋਈਆਂ ਹਨ ਅਰਜੀਆਂ
ਪਟਿਆਲਾ ਜਿਲੇ ਵਿਚ ਕੁਲੈਕਟਰ ਰੇਟ ਵਧਣ ਤੋਂ ਬਾਅਦ ਦਰਜਨ ਤੋਂ ਵਧ ਕਲੋਨੀਆਂ ਨੇ, ਪਿੰਡਾ ਦੇ ਲੋਕਾਂ ਨੇ ਰੇਟ ਰਿਵਾਇਜ ਕਰਨ ਲਈ ਅਰਜੀਆਂ ਦਿੱਤੀਆਂ ਹਨ, ਜਿਨ੍ਹਾ ਉਪਰ ਿਵਚਾਰ ਹੋਣਾ ਪੈਡਿੰਗ ਹੈ, ਜੇਕਰ ਆਂਉਣ ਵਾਲੇ ਸਮੇਂ ਵਿਚ ਤਿੰਨ ਮੈਂਬਰੀ ਕਮੇਟੀ ਜਿਸਦੇ ਇੰਚਾਰਜ ਡੀ. ਸੀ. ਪਟਿਆਲਾ ਹਨ, ਇਹ ਮੀਟਿੰਗ ਕਰਕੇ ਲੋਕਾਂ ਨੂੰ ਰਾਹਤ ਦਿੰਦੀ ਹੈ ਤਾਂ ਇਸ ਵਿਚ ਸਰਕਾਰ ਦੀ ਬਲੇ ਬਲੇ ਹੋਵੇਗੀ।
-ਮੁਖ ਮੰਤਰੀ ਨੂੰ ਲਿਖਿਆ ਪੱਤਰ : ਮਾਮਲੇ ਨੂੰ ਕਰਵਾਉਣ ਹੱਲ
ਪਟਿਆਲਾ ਦੀਆਂ ਕਈ ਸੰਸਥਾਵਾਂ ਨੇ ਪੰਜਾਬ ਦੇ ਮੁਖ ਮੰਤਰੀ ਨੂੰ ਪੱਤਰ ਲਿਖਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਖੁਦ ਦਖਲ ਅੰਦਾਜੀ ਕਰਨ ਤੇ ਲੋਕਾਂ ਨੂੰ ਰਾਹਤ ਦਿਵਾਉਣ।ੇ ਲੋਕਾਂ ਨੇ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਪਹਿਲਾਂ ਹੀ ਮਹਿੰਗਾਈ ਦੀਚਕੀ ਵਿਚ ਲੋਕ ਪਿਸ ਰਹੇ ਹਨ, ਜਿਥੇ ਤੁਸੀ ਐਨ. ਓ. ਸੀਆਂ ਵਿਚ ਛੋਟ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ । ਹੁਣ ਇਸ ਮਸਲੇ ਵਿਚ ਵੀ ਰਾਹਤ ਦਿਓ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਲੇ ਬਲੇ ਹੋ ਸਕੇ । ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਹਰ ਆਮ ਲੋਕਾਂ ਦੇ ਦਰਦ ਨੂੰ ਸਮਝਦੇ ਹਨ, ਇਸ ਲਈ ਉਹ ਪਟਿਆਲਵੀਆਂ ਦੇ ਦਰਦ ਨੂੰ ਵੀ ਸਮਝਣਗੇ ।
ਰੀਅਲ ਐਸਟੇਟ ਕਾਰੋਬਾਰ ਨੂੰ ਮੰਦੀ ਵੱਲ ਤੇ ਲੋਕਾਂ ਦਾ ਕਚੂੰਬਰ ਕੱਢਣ ਵਾਲਾ ਫੈਸਲਾ : ਰਾਜ ਕੁਮਾਰ
ਜ਼ਮੀਨੀ ਕਲੈਕਟਰ ਰੇਟ ਵਿਚ ਵਾਧੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਲੋਨਾਈਜਰ ਐਂਡ ਪ੍ਰਾਪਰਟੀ ਡੀਲਰ ਐਸੋ. ਦੀ ਮੀਟਿੰਗ ਹੋਈ, ਜਿਸ ਵਿਚ ਕਲੈਕਟਰ ਰੇਟਾਂ ਵਿਚ ਹੋਏ ਵਾਧੇ ‘ਤੇ ਰੋਸ ਪ੍ਰਗਟਾਇਆ ਗਿਆ। ਐਸੋ. ਦੇ ਪ੍ਰਧਾਨ ਰਾਜ ਕੁਮਾਰ ਰਾਣਾ ਨੇ ਆਖਿਆ ਕਿ ਜਿਲਾ ਪ੍ਰਸ਼ਾਸਨ ਦਾ ਜ਼ਮੀਨੀ ਕਲੈਕਟਰ ਰੇਟ ਵਿਚ ਵਾਧੇ ਦਾ ਫ਼ੈਸਲਾ ਰੀਅਲ ਐਸਟੇਟ ਕਾਰੋਬਾਰ ਨੂੰ ਮੰਦੀ ਦੀ ਮਾਰ ਵੱਲ ਲਿਜਾਉਣ ਵਾਲਾ ਹੈ। ਉਨ੍ਹਾਂ ਆਖਿਆ ਕਿ ਇਕ ਪਾਸੇ ਪੰਜਾਬ ਦੇ ਮੁਖ ਮੰਤਰੀ ਐਨ. ਓ. ਸੀਆਂ ਖੋਲ ਕੇ ਵੱਡੀ ਰਾਹਤ ਦੇ ਰਹੇ ਹਨ । ਦੂਸਰੇ ਪਾਸੇ ਮੁੜ ਪ੍ਰਾਪਰਟੀ ਕਾਰੋਬਾਰ ਨੂੰ ਮੰਦੀ ਵੱਲ ਲਿਜਾਉਣ ਦਾ ਇਹ ਫੈਸਲਾ ਹੈ। ਉਨ੍ਹਾਂ ਕਿਹਾ ਕਿ ਉਹਕ ਈ ਵਾਰ ਵਫਦ ਲੈ ਕੇ ਅਧਿਕਾਰੀਆਂ ਨੂੰ ਮਿਲ ਚੁਕੇ ਹਨ ਤੇ ਲਿਸਟਾਂ ਵੀ ਦੇ ਚੁਕੇ ਹਨ ਪਰ ਅਜੇ ਤੱਕ ਇਸ ਉਪਰ ਕੋਈ ਕਾਰਵਾਈ ਨਹੀ ਹੋਈ, ਇਸ ਲਈ ਉਹ ਜਲਦ ਵਫਦ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ।
ਤੁਰੰਤ ਰੇਟਾਂ ਨੂੰ ਵਧੇ ਰੇਟਾਂ ਨੂੰ ਵਾਪਸ ਲਿਆ ਜਾਂਣਾ ਚਾਹੀਦਾ ਹੈ : ਹਰਦਿਆਲ ਕੰਬੋਜ
ਇਸ ਸਬੰਧੀ ਜਦੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਕੁਲੈਕਟਰ ਰੇਟਾਂ ਵਿਚ ਹੋਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹਰ ਪਾਸੇ ਮੰਦਹਾਲੀ ਹੈ । ਲੋਕਾਂ ਨੂੰ ਤਾਂ ਰੋਟੀ ਖਾਣ ਲਈ ਵੀ ਪੈਸੇ ਨਹੀ ਜੁੜ ਰਹੇ ਤੇ ਇਨਾ ਹਾਲਾਤਾਂ ਵਿਚ ਵਧੇ ਰੇਟ ਲੋਕਾਂ ਦਾ ਕਚੂੰਬਰ ਕੱਢ ਰਹੇ ਹਨ ।
ਮੁੱਖ ਮੰਤਰੀ ਪੰਜਾਬ ਦਖਲ ਦੇਣ : ਸੁਰਜੀਤ ਰੱਖੜਾ
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਵਲੋ ਇਸ ਵਧੇ ਰੇਟਾਂ ਨੂੰ ਘਟਾਉਣ ਲਈ ਤੁਰੰਤ ਦਖਲ ਦੇਣਾ ਚਾਹੀਦਾ ਹੈ। ਉਨ੍ਹਾ ਆਖਿਆ ਕਿ ਸਾਡੀ ਸਰਕਾਰ ਵੇਲੇ ਅਸੀ ਕਦੇ ਵੀ ਰੇਟ ਨਹੀ ਵਧਣ ਦਿੱਤੇ । ਉਨ੍ਹਾ ਆਖਿਆ ਕਿ ਥੋੜੇ ਬਹੁਤੇ ਵਾਧੇ ਨੂੰ ਕੀਤੇ ਜਾਇਜ ਠਹਿਰਾਇਆ ਜਾ ਸਕਦਾ ਹੈ ਪਰ ਕਈ ਕਈ ਗੁਣਾ ਰੇਟ ਵਧਾਉਣੇ। ਲੋਕਾਂ ਦਾ ਕਚੂੰਬਰ ਕੱਢਣ ਦੇ ਬਰਾਬਰ ਹੈ ।
ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ : ਪਠਾਣਮਾਜਰਾ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹਮੇਸ਼ਾ ਹੀ ਲੋਕਹਿਤ ਦੇ ਫੈਸਲੇ ਹੋਏ ਹਨ । ਪਠਾਣਮਾਜਰਾ ਨੇ ਆਖਿਆ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਸਮੁਚੀਆਂ ਐਨ. ਓ. ਸੀਆਂ ਨੂੰ ਖੋਲ ਦਿਤਾ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਇਆ ਹੈ। ਲੋਕ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਦ ਹਨ । ਉਨ੍ਹਾ ਆਖਿਆ ਕਿ ਸਾਡੀ ਸਰਕਾਰ ਸਿਰਫ ਤੇ ਸਿਰਫ ਲੋਕਾਂ ਦਾ ਭਲਾ ਸੋਚਦੀ ਹੈ। ਪਠਾਣਮਾਜਰਾ ਨੇ ਆਖਿਆ ਕਿ ਕੁਲੈਕਟਰ ਰੇਟਾਂ ਦੇ ਮਾਮਲੇ ਵਿਚ ਵੀ ਅਧਿਕਾਰੀਆਂ ਨੂੰ ਬੇਨਤੀ ਕਰਕੇ ਇਸ ਮਾਮਲੇ ਨੂੰ ਹਲ ਕਰਵਾਇਆ ਜਾਵੇਗਾ। ਉਨ੍ਹਾ ਆਖਿਆ ਕਿ ਲੋਕ ਵੀ ਸਾਡੇ ਆਪਣੇ ਹਨ। ਇਸ ਲਈ ਉਨ੍ਹਾ ਦੀ ਜਰੂਰ ਸੁਣਵਾਈ ਹੋਵੇਗੀ ।