ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਪ੍ਰਧਾਨ ਮੰਤਰੀ ਅਤੇ ਪਾਬਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤਾ ਪ੍ਰਧਾਨ ਮੰਤਰੀ ਅਤੇ ਪਾਬਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ
ਕੈਨੇਡਾ : ਪੰਜਾਬੀਆਂ ਦੀ ਮਨਪਸੰਤ ਧਰਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਜਿਥੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਥੇ ਹੀ ਉਨ੍ਹਾਂ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ । ਦੱਸਣਯੋਗ ਹੈ ਕਿ ਜਿਥੇ ਉਨ੍ਹਾਂ ਦਾ ਪਿਛਲੇ ਨੌਂ ਸਾਲਾਂ ਦਾ ਕਾਰਜਕਾਲ ਪੂਰਾ ਹੋ ਗਿਆ ਸੀ, ਉਥੇ ਹੀ ਉਕਤ ਦੋਵੇਂ ਅਹੁਦਿਆਂ ਤੇ ਉਹ ਉਸ ਸਮੇਂ ਤੱਕ ਬਣੇ ਰਹਿਣਗੇ ਜਦੋਂ ਤੱਕ ਨਵੇਂ ਅਹੁਦੇਦਾਰ ਦੀ ਚੋਣ ਨਹੀਂ ਹੋ ਜਾਂਦੀ । ਪ੍ਰਾਪਤ ਜਾਣਕਾਰੀ ਅਨੁਸਾਰ ਲਿਬਰਲ ਪਾਰਟੀ ਵਿਚ ਜਸਟਿਨ ਟਰੂਡੋ ਵਿਰੁੱਧ ਅਸਤੀਫੇ ਦੀ ਮੰਗ ਨੂੰ ਲੈ ਕੇ ਜਿਥੇ ਕਾਫੀ ਬੇਭਰੋਸਗੀ ਵਧਦੀ ਜਾ ਰਹੀ ਸੀ, ਉਥੇ ਪਾਰਟੀ ਮੈਂਬਰਾਂ ਵਲੋਂ ਵਾਰ ਵਾਰ ਅਸਤੀਫਾ ਵੀ ਮੰਗਿਆ ਜਾ ਰਿਹਾ ਸੀ ਦੇ ਚਲਦਿਆਂ ਆਖਰਕਾਰ ਟਰੂਡੋ ਨੇ ਅੱਜ ਸਿਰਫ਼ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੀ ਅਸਤੀਫਾ ਨਹੀਂ ਦਿੱਤਾ ਬਲਕਿ ਪਾਰਟੀ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਹੈ ।
ਦੱਸਣਯੋਗ ਹੈ ਕਿ ਕੈਨੇਡਾ ਵਿੱਚ ਇਸ ਸਾਲ ਸੰਸਦੀ ਚੋਣਾਂ ਹੋਣੀਆਂ ਹਨ ਤੇ ਇਸ ਸਭ ਦੇ ਚਲਦਿਆਂ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਹੋ ਸਕਦੀ ਹੈ । ਪਿਛਲੇ ਮਹੀਨੇ ਉਨ੍ਹਾਂ ਦੀ ਸਰਕਾਰ `ਚ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਟਰੂਡੋ ਸਰਕਾਰ `ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਉਦੋਂ ਤੋਂ ਉਸ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਤੇ ਦਬਾਅ ਇੰਨਾ ਵਧ ਗਿਆ ਕਿ ਆਖਰਕਾਰ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ । ਉਨ੍ਹਾਂ ਵਾਂਗ ਉਨ੍ਹਾਂ ਦੇ ਪਿਤਾ ਪੀਅਰੇ ਟਰੂਡੋ ਨੂੰ ਵੀ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣਾ ਪਿਆ ਸੀ । ਕਾਬਿਲੇਗੌਰ ਹੈ ਕਿ ਜਸਟਿਨ ਟਰੂਡੋ ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ। ਉਹ ਪਿਛਲੇ ਡੇਢ ਸਾਲ ਤੋਂ ਭਾਰਤ ਵਿਰੋਧੀ ਏਜੰਡਾ ਚਲਾ ਕੇ ਆਪਣੀ ਸਰਕਾਰ ਵਿਰੁੱਧ ਸੱਤਾ ਵਿਰੋਧੀ ਲਹਿਰ ਨੂੰ ਸ਼ਾਂਤ ਕਰਨਾ ਚਾਹੁੰਦਾ ਸੀ, ਪਰ ਆਖਰਕਾਰ ਉਸ ਦੀਆਂ ਕੋਸ਼ਿਸ਼ਾਂ ਨੂੰ ਅਮਲੀ ਰੂਪ ਨਾ ਮਿਲ ਸਕਿਆ ।
