ਜੈ ਇੰਦਰ ਕੌਰ ਨੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਸੌਦਾਨ ਸਿੰਘ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਮੌਜੂਦਾ ਹਾਲਾਤ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਕੀਤੀ ਚਰਚਾ
ਚੰਡੀਗੜ੍ਹ, 5 ਜੁਲਾਈ
ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਨਾਲ ਮੁਲਾਕਾਤ ਕੀਤੀ।
ਮੀਟਿੰਗ ਤੋਂ ਬਾਅਦ ਜੈ ਇੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਰਚਾ ਕੀਤੀ ਅਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਲਈ ਸੂਬੇ ‘ਚ ਪਾਰਟੀ ਦੀਆਂ ਤਿਆਰੀਆਂ ‘ਤੇ ਵੀ ਚਰਚਾ ਕੀਤੀ।
ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ, “ਅੱਜ ਮੈਂ ਸਾਡੇ ਭਾਜਪਾ ਦੇ ਮਾਨਯੋਗ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ। ਸੂਬੇ ਵਿੱਚ ਪੂਰੀ ਤਰ੍ਹਾਂ ਨਾਲ ਕਾਨੂੰਨ ਵਿਵਸਥਾ ਬੇਹਾਲ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਗੜਦੇ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।ਪੰਜਾਬ ਦੇ ਲੋਕ ਹੁਣ ਭਗਵੰਤ ਮਾਨ ਦੇ ਝੂਠ ਅਤੇ ਫਰੇਬ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ।”
ਉਨ੍ਹਾਂ ਅੱਗੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਸੁਨੀਲ ਜਾਖੜ ਜੀ ਦੀ ਨਵੀਂ ਸੂਬਾਈ ਲੀਡਰਸ਼ਿਪ ਹੇਠ, ਪੰਜਾਬ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੈ ਅਤੇ ਅਸੀਂ ਯਕੀਨੀ ਤੌਰ ‘ਤੇ ਰਾਜ ਤੋਂ ਵੱਧ ਤੋਂ ਵੱਧ ਭਾਜਪਾ ਸੰਸਦ ਮੈਂਬਰਾਂ ਨੂੰ ਭੇਜ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਵਾਰ ਫਿਰ ਤੋਂ ਜੇਤੂ ਬਣਾਵਾਂਗੇ।”
ਜੈ ਇੰਦਰ ਕੌਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੌਦਾਮ ਸਿੰਘ ਨੂੰ ਭਾਜਪਾ ਵਰਕਰਾਂ ਵਿਰੁੱਧ ਪੰਜਾਬ ਵਿੱਚ ਸਿਆਸੀ ਤੌਰ ‘ਤੇ ਪ੍ਰੇਰਿਤ ਕਾਰਵਾਈਆਂ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਤੋਂ ਵੀ ਜਾਣੂ ਕਰਵਾਇਆ।