ਦੇਸ਼ ਦੀ ਵਿਕਾਸ ਦਰ ’ਚ ਆ ਰਹੀ ਗਿਰਾਵਟ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ : ਜੈਰਾਮ ਰਮੇਸ਼
ਦੇਸ਼ ਦੀ ਵਿਕਾਸ ਦਰ ’ਚ ਆ ਰਹੀ ਗਿਰਾਵਟ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ : ਜੈਰਾਮ ਰਮੇਸ਼
ਨਵੀਂ ਦਿੱਲੀ : ਭਾਰਤ ਦੀ ਸਿਆਸਤ ਵਿਚ ਵਿਚਰਦੀ ਇਤਿਹਾਸਕ ਸਿਆਸੀ ਪਾਰਟੀ ਕਾਂਗਰਸ ਪਾਰਟੀ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਲਈ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨਾਂ ’ਚ ਗਿਰਾਵਟ ਦੇ ਮੱਦੇਨਜ਼ਰ ਦੇਸ਼ ਦੀ ਵਿਕਾਸ ਦਰ ’ਚ ਆ ਰਹੀ ਗਿਰਾਵਟ ਦੂਰ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਸਥਿਤੀ ਅਗਲੇ ਮਹੀਨੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਨਿਰਾਸ਼ਾਜਨਕ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਗਰੀਬਾਂ ਲਈ ਆਮਦਨ ਸਹਾਇਤਾ, ਮਗਨਰੇਗਾ ਤਹਿਤ ਵੱਧ ਉਜਰਤਾਂ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿੱਚ ਵਾਧਾ ਸਮੇਂ ਦੀ ਲੋੜ ਹੈ। ਰਮੇਸ਼ ਨੇ ਇੱਕ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿੱਤੀ ਸਾਲ 2025 ਵਿੱਚ ਜੀ. ਡੀ. ਪੀ. ਵਿਕਾਸ ਦਰ ਸਿਰਫ 6.4 ਫੀਸਦ ਰਹਿਣ ਦਾ ਅਨੁਮਾਨ ਹੈ। ਇਹ ਚਾਰ ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ ਅਤੇ ਵਿੱਤੀ ਵਰ੍ਹੇ 2024 ਵਿੱਚ ਦਰਜ 8.2 ਫੀਸਦ ਵਿਕਾਸ ਦਰ ਵਾਧੇ ਦੇ ਮੁਕਾਬਲੇ ਸਪੱਸ਼ਟ ਗਿਰਾਵਟ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਅਤੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਨਿਰਮਾਣ ਖੇਤਰ ਉਸ ਤਰੀਕੇ ਨਾਲ ਨਹੀਂ ਵਧ ਰਿਹਾ, ਜਿਸ ਤਰ੍ਹਾਂ ਇਹ ਵਧਣਾ ਚਾਹੀਦਾ ਹੈ । ਰਮੇਸ਼ ਅਨੁਸਾਰ ਸਰਕਾਰ ਹੁਣ ਭਾਰਤ ਦੇ ਆਰਥਿਕ ਵਿਕਾਸ ਵਿੱਚ ਗਿਰਾਵਟ ਦੀ ਅਸਲੀਅਤ ਅਤੇ ਇਸ ਦੇ ਪਹਿਲੂਆਂ ਤੋਂ ਇਨਕਾਰ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਭਾਰਤ ਦੀ ਖਪਤ ਦੀ ਕਹਾਣੀ ਉਲਟੀ ਚਲੀ ਗਈ ਹੈ ਅਤੇ ਭਾਰਤੀ ਅਰਥਵਿਵਸਥਾ ਲਈ ਸਭ ਤੋਂ ਵੱਡੀ ਸਮੱਸਿਆ ਦੇ ਰੂਪ ਵਿੱਚ ਉਭਰੀ ਹੈ ।