ਬਲਜਿੰਦਰ ਕੌਰ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਤੇ ਅੰਜੂ ਬਾਲਾ ਬਾਂਸਲ ਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਬਣੇ
ਬਲਜਿੰਦਰ ਕੌਰ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਤੇ ਅੰਜੂ ਬਾਲਾ ਬਾਂਸਲ ਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਬਣੇ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਪ੍ਰਧਾਨ ਅਤੇ ਦੋਵੇਂ ਮੀਤ ਪ੍ਰਧਾਨਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਸਰਵਪੱਖੀ ਵਿਕਾਸ ਨੂੰ ਮਿਲਵਰਤਨ ਨਾਲ ਯਕੀਨੀ ਬਣਾਉਣ ਦਾ ਸੱਦਾ
ਚੀਮਾ/ ਸੁਨਾਮ ਊਧਮ ਸਿੰਘ ਵਾਲਾ, 9 ਜਨਵਰੀ : ਪਿਛਲੇ ਦਿਨੀ ਹੋਈਆਂ ਨਗਰ ਪੰਚਾਇਤ ਚੀਮਾ ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ ਕੌਂਸਲਰਾਂ ਵਿੱਚੋਂ ਅੱਜ ਸਰਵਸੰਮਤੀ ਨਾਲ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਦੇ ਅਹਿਮ ਅਹੁਦਿਆਂ ਲਈ ਨਾਵਾਂ ਦੀ ਚੋਣ ਕੀਤੀ ਗਈ ਜਿਸ ਤਹਿਤ ਬਲਜਿੰਦਰ ਕੌਰ ਨੂੰ ਪ੍ਰਧਾਨ ਅਤੇ ਅੰਜੂ ਬਾਲਾ ਬਾਂਸਲ ਤੇ ਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਮੌਜੂਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਬਣੇ ਪ੍ਰਧਾਨ ਬਲਜਿੰਦਰ ਕੌਰ ਅਤੇ ਦੋਵੇਂ ਮੀਤ ਪ੍ਰਧਾਨਾਂ ਅੰਜੂ ਬਾਲਾ ਬਾਂਸਲ ਤੇ ਮਨਪ੍ਰੀਤ ਸਿੰਘ ਨੂੰ ਨਿੱਘੀ ਮੁਬਾਰਕਬਾਦ ਭੇਟ ਕੀਤੀ ਅਤੇ ਨਗਰ ਪੰਚਾਇਤ ਚੀਮਾ ਦੇ ਸਰਵਪੱਖੀ ਵਿਕਾਸ ਨੂੰ ਆਪਸੀ ਸਹਿਯੋਗ, ਮਿਲਵਰਤਨ ਅਤੇ ਤਨਦੇਹੀ ਨਾਲ ਨੇਪਰੇ ਚੜਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰੇਕ ਨਗਰ ਕੌਂਸਲ ਤੇ ਨਗਰ ਪੰਚਾਇਤ ਅਧੀਨ ਆਉਂਦੇ ਵਾਰਡਾਂ ਦੀ ਨੁਹਾਰ ਨੂੰ ਸੰਵਾਰਨ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਤੇਜ਼ੀ ਨਾਲ ਨੇਪਰੇ ਚੜਾਏ ਜਾ ਰਹੇ ਹਨ । ਉਹਨਾਂ ਨੇ ਕਿਹਾ ਕਿ ਲੋਕ ਸੇਵਾ ਦੀ ਭਾਵਨਾ ਨੂੰ ਪੂਰੀ ਨੇਕ ਨੀਅਤ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਦੀ ਤਰਫੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ । ਇਸ ਮੌਕੇ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਸਾਰੇ ਕੌਂਸਲਰ ਅਤੇ ਅਹੁਦੇਦਾਰ ਪੂਰਨ ਸਹਿਯੋਗ ਅਤੇ ਨਿਰਪੱਖਤਾ ਨਾਲ ਵਾਰਡ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਉਚਿਤ ਨਿਪਟਾਰਾ ਕਰਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣ । ਉਹਨਾਂ ਕਿਹਾ ਕਿ ਪਿਛਲੇ ਪੌਣੇ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੀਮਾ ਦੇ ਨਿਵਾਸੀਆਂ ਨੂੰ ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਸੁਗਾਤਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਅਨੇਕਾਂ ਹੀ ਹੋਰ ਲੋਕ ਪੱਖੀ ਪ੍ਰੋਜੈਕਟ ਨੇਪਰੇ ਚੜਨ ਵਾਲੇ ਹਨ । ਇਸ ਮੌਕੇ ਸਵਿੰਦਰ ਕੌਰ, ਸੁਖਜੀਤ ਸਿੰਘ, ਮਨਦੀਪ ਕੌਰ, ਗੁਰਪਿਆਰ ਸਿੰਘ, ਕਿਰਨਪਾਲ ਕੌਰ, ਪਰਮਿੰਦਰ ਸਿੰਘ, ਸੁਖਜੀਤ ਕੌਰ, ਕੁਲਦੀਪ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ (ਸਾਰੇ ਕੌਂਸਲਰ) ਵੀ ਹਾਜ਼ਰ ਸਨ ।