ਚੰਡੀਗੜ੍ਹ ਦਾ ਪ੍ਰਸ਼ਾਸਕ ਹਟਾ ਕੇ ਚੀਫ ਸੈਕਟਰੀ ਲਗਾਉਣ ਦਾ ਫੈਸਲਾ ਪੰਜਾਬ ਦੇ ਅਧਿਕਾਰਾਂ ’ਤੇ ਡਾਕਾ : ਪ੍ਰੋ. ਬਡੂੰਗਰ
ਚੰਡੀਗੜ੍ਹ ਦਾ ਪ੍ਰਸ਼ਾਸਕ ਹਟਾ ਕੇ ਚੀਫ ਸੈਕਟਰੀ ਲਗਾਉਣ ਦਾ ਫੈਸਲਾ ਪੰਜਾਬ ਦੇ ਅਧਿਕਾਰਾਂ ’ਤੇ ਡਾਕਾ : ਪ੍ਰੋ. ਬਡੂੰਗਰ
ਪਟਿਆਲਾ 9 ਜਨਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਦੀ ਪੰਜਾਬ ਦੇ ਮਸਲਿਆਂ ਪ੍ਰਤੀ ਵੱਧ ਰਹੀ ਦਖਲਅੰਦਾਜ਼ੀ ਨੂੰ ਮੰਦਭਾਗਾ ਕਰਾਰ ਦਿੱਤਾ । ਪ੍ਰੋ. ਬਡੂੰਗਰ ਨੇ ਕੇਂਦਰ ਸਰਕਾਰ ਦੇ ਉਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਰਦਿਆਂ ਕਿਹਾ ਚੰਡੀਗੜ੍ਹ ਦਾ ਪ੍ਰਸ਼ਾਸਕ ਹਟਾ ਕੇ ਚੀਫ ਸੈਕਟਰੀ ਲਗਾਉਣ ਦਾ ਫੈਸਲਾ ਪੰਜਾਬ ਦੇ ਅਧਿਕਾਰਾਂ ’ਤੇ ਡਾਕਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਰੋਧੀ ਕੀਤੇ ਜਾਣ ਵਾਲੇ ਫੈਸਲਿਆਂ ਪ੍ਰਤੀ ਕੇਂਦਰ ਸਰਕਾਰ ਦਾ ਰੁਖ ਸਪੱਸ਼ਟ ਹੋ ਚੁੱਕਿਆ ਹੈ ਕਿ ਭਾਜਪਾ ਆਪਣੀ ਲੁਕਵੇਂ ਏਜੰਡਿਆਂ ਨਾਲ ਪੰਜਾਬ ’ਤੇ ਕਾਬਜ਼ ਹੋਣ ਲਈ ਅਜਿਹੇ ਕਦਮ ਚੁੱਕ ਰਹੀ ਹੈ । ਪੋ੍ਰ. ਬਡੂੰਗਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ, ਪ੍ਰੰਤੂ ਕਦੇ ਹਰਿਆਣਾ ਲਈ ਨਵੀਂ ਵਿਧਾਨ ਸਭਾ ਦੇ ਪ੍ਰਸਤਾਵ ਨੂੰ ਅੱਗੇ ਤੋਰਨਾ, ਕਦੇ ਪੰਜਾਬ ਯੂਨੀਵਰਸਿਟੀ ਵਿਚੋਂ ਮੈਂਬਰਸ਼ਿਪ ਨੂੰ ਖ਼ਤਮ ਕਰਨਾ, ਇਥੋਂ ਤੱਕ ਪੰਜਾਬ ਪੁਨਰਗਠਨ ਐਕਟ ਤਹਿਤ ਹੋਏ ਸਮਝੌਤੇ ਨੂੰ ਵੀ ਅੱਖੋਂ ਪਰੋਖੇ ਕਰਕੇ ਵਾਰ ਵਾਰ ਕੇਂਦਰ ਸਰਕਾਰ ਦਾ ਅਜਿਹਾ ਦਖਲ ਨਾਬਰਦਾਸ਼ਤਯੋਗ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਜਿਨ੍ਹਾਂ ’ਚ ਰਾਜਧਾਨੀ, ਪੰਜਾਬ ਦੇ ਪਾਣੀਆਂ ਦਾ ਮਸਲਾ, ਜਿਸ ਤਹਿਤ ਐਸਵਾਈਐਲ ’ਤੇ ਕੋਈ ਢੁਕਵਾ ਫੈਸਲਾ ਨਾ ਕਰ ਸਕਣ ਤੋਂ ਕੇਂਦਰ ਸਰਕਰ ਦੀ ਨੀਤ ਤੇ ਨੀਤੀ ਵਿਚੋਂ ਸਪੱਸ਼ਟ ਹੋ ਰਿਹਾ ਹੈ ਕਿ ਪੰਜਾਬ ਵਿਚ ਕੇਂਦਰ ਸਰਕਾਰ ਆਪਣਾ ਬੇਲੋੜਾ ਦਖਲ ਵਧਾਕੇ ਅਜਿਹੇ ਵਿਵਾਦ ਖੜੇ ਕਰ ਰਹੀ ਹੈ ਤਾਂ ਕਿ ਪੰਜਾਬ ਮੁੱਦਿਆਂ ਤੇ ਮਸਲਿਆਂ ਵਿਚ ਉਲਝਿਆ ਰਹਿ ਸਕੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਰਾਰਤਪੁਣਾ ਛੱਡਕੇ ਅਜਿਹੇ ਮਾਰੂ ਫੈਸਲੇ ਨਾ ਕਰੇ ਅਜਿਹਾ ਨਾ ਹੋਵੇ ਆਪਣੇ ਹੱਥੀਂ ਦਿੱਤੀਆਂ ਗੰਡਾਂ ਨੂੰ ਮੂੰਹ ਨਾਲ ਖੋਲਣਾ ਪੈ ਜਾਵੇ ।