ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Friday, 03 January, 2025, 06:31 PM

ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
-ਉੱਚ ਪੱਧਰੀ ਮੈਡੀਕਲ ਟੀਮ ਵੱਲੋਂ ਡੱਲੇਵਾਲ ਦੀ ਸਿਹਤ ਜਾਂਚ, ਖੂਨ ਦੇ ਨਮੂਨੇ ਲਏ
-ਕਿਸਾਨ ਆਗੂ ਦੀ ਵਿਗੜਦੀ ਸਿਹਤ ਤੋਂ ਚਿੰਤਤ ਟੀਮ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਲੈਣ ਦੀ ਮੁੜ ਅਪੀਲ
ਢਾਬੀ ਗੁੱਜਰਾਂ/ਪਟਿਆਲਾ, 3 ਜਨਵਰੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਚਿੰਤਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਖਨੌਰੀ ਬਾਰਡਰ, ਢਾਬੀ ਗੁੱਜਰਾਂ ਵਿਖੇ ਕਿਸਾਨ ਆਗੂ ਨਾਲ ਮੁਲਾਕਾਤ ਕੀਤੀ । ਇਸ ਟੀਮ ਵਿੱਚ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਵੀ ਸ਼ਾਮਲ ਸਨ । ਇਸੇ ਦੌਰਾਨ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਦੀ ਸਿਹਤ ਜਾਂਚ ਲਈ ਗਠਿਤ ਕੀਤੀ
ਉੱਚ ਪੱਧਰੀ ਡਾਕਟਰੀ ਮਾਹਿਰਾਂ ਦੀ ਟੀਮ ਨੇ ਵੀ ਸ਼ੁੱਕਰਵਾਰ ਨੂੰ ਅੰਦੋਲਨਕਾਰੀ ਕਿਸਾਨ ਆਗੂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਅਤੇ ਉਨ੍ਹਾਂ ਨੂੰ ਤੁਰੰਤ ਆਪਣੀ ਸਿਹਤਯਾਬੀ ਲਈ ਜ਼ਰੂਰੀ ਇਲਾਜ ਕਰਵਾਉਣ ਦੀ ਅਪੀਲ ਵੀ ਕੀਤੀ ਹੈ ।
ਟੀਮ ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕਰਦਿਆਂ ਢੁਕਵਾਂ ਇਲਾਜ ਕਰਵਾਉਣ ਦੀ ਮੁੜ ਤੋਂ ਪੇਸ਼ਕਸ਼ ਕੀਤੀ । ਉਨ੍ਹਾਂ ਨੇ ਕਿਸਾਨ ਆਗੂ ਨੂੰ ਜਾਣੂ ਕਰਵਾਇਆ ਕਿ ਇਸ ਸਮੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ । ਕਿਸਾਨ ਆਗੂ ਡੱਲੇਵਾਲ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਦੀ ਟੀਮ ਦੀ ਪੇਸ਼ਕਸ਼ ਨੂੰ ਮੁੜ ਠੁਕਰਾ ਦਿੱਤਾ । ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਿੰਦਰਾ ਮੈਡੀਕਲ ਕਾਲਜ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦੀ ਮੈਡੀਕਲ ਟੀਮ ਪਹਿਲਾਂ ਹੀ ਉੱਘੇ ਕਿਸਾਨ ਆਗੂ ਦੀ ਸਿਹਤ ਦੀ ਨਿਰੰਤਰ ਦੇਖਭਾਲ ਲਈ ਤਾਇਨਾਤ ਕੀਤੀ ਗਈ ਹੈ । ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਮੈਡੀਕਲ ਟੀਮਾਂ ਧਰਨੇ ਵਾਲੀ ਥਾਂ ‘ਤੇ 24 ਘੰਟੇ ਡਿਊਟੀ ‘ਤੇ ਹਨ ਅਤੇ ਦੋ ਐਡਵਾਂਸਡ ਲਾਈਫ ਸਪੋਰਟ (ਏ. ਐੱਲ. ਐੱਸ.) ਐਂਬੂਲੈਂਸਾਂ 24 ਘੰਟੇ 7 ਦਿਨ (ਹਰ ਵੇਲੇ) ਵੀ ਮੌਜੂਦ ਹਨ। ਇਸ ਤੋਂ ਇਲਾਵਾ ਧਰਨੇ ਦੇ ਨੇੜੇ ਹੀ ਸਾਰੀਆਂ ਐਮਰਜੈਂਸੀ ਦਵਾਈਆਂ ਅਤੇ ਉਪਕਰਨਾਂ ਨਾਲ ਲੈਸ ਇੱਕ ਆਰਜ਼ੀ ਹਸਪਤਾਲ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਤਾਇਨਾਤ ਕੀਤੀ ਗਈ ਹੈ । ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਤੇ ਐਸੋਸੀਏਟ ਪ੍ਰੋਫੈਸਰ ਐਨਸਥੀਸੀਆ ਡਾ. ਗੁਰਜੀਤ ਸਿੰਘ ਗਾਂਧੀ, ਐਸੋਸੀਏਟ ਪ੍ਰੋਫੈਸਰ ਸਰਜਰੀ ਡਾ. ਦਿਨੇਸ਼ ਕੁਮਾਰ ਪਾਸੀ, ਐਸੋਸੀਏਟ ਪ੍ਰੋਫੈਸਰ ਮੈਡੀਵਾਈਨ ਡਾ. ਮਨਜਿੰਦਰ ਸਿੰਘ ਮਾਨ, ਮੈਡੀਕਲ ਅਫਸਰ ਆਰਥੋਪੈਡਿਕਸ ਡਾ. ਨਿਰਮਲ ਦਾਸ ਸਮੇਤ ਮਾਤਾ ਕੌਸ਼ੱਲਿਆ ਹਸਪਤਾਲ ਦੇ ਐਸ. ਐਮ. ਓ. ਡਾ. ਵਿਕਾਸ ਗੋਇਲ, ਸੀ. ਐਚ. ਸੀ. ਬਾਦਸ਼ਾਹਪੁਰ ਦੇ ਐਸ. ਐਮ. ਓ. ਡਾ. ਸ਼ੈਲੀ ਜੇਤਲੀ, ਏ. ਈ. ਸੀ. ਜੀ. ਟੈਕਨੀਸ਼ੀਅਨ ਮਨਦੀਪ ਸਿੰਘ ਅਤੇ ਲੈਬ ਟੈਕਨੀਸ਼ੀਅਨ ਯੋਗੇਸ਼ ਸ਼ਰਮਾ ਵੀ ਮੌਜੂਦ ਸਨ ।