ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਚਿੰਤਤ ਉੱਚ ਪੱਧਰੀ ਟੀਮ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਲੈਣ ਦੀ ਅਪੀਲ

ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਚਿੰਤਤ ਉੱਚ ਪੱਧਰੀ ਟੀਮ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਲੈਣ ਦੀ ਅਪੀਲ
ਬਜ਼ੁਰਗ ਕਿਸਾਨ ਆਗੂ ਨੂੰ ਉਚਿਤ ਇਲਾਜ ਅਤੇ ਦਵਾਈ ਲੈਣ ਲਈ ਸਹਿਮਤ ਹੋਣ ਦੀ ਅਪੀਲ
ਢਾਬੀ ਗੁੱਜਰਾਂ/ਪਟਿਆਲਾ, 27 ਦਸੰਬਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਤੋਂ ਚਿੰਤਤ ਸੂਬਾ ਸਰਕਾਰ ਦੀ ਉੱਚ ਪੱਧਰੀ ਟੀਮ ਅਤੇ ਡਾਕਟਰੀ ਮਾਹਿਰਾਂ ਨੇ ਸ਼ੁੱਕਰਵਾਰ ਨੂੰ ਅੰਦੋਲਨਕਾਰੀ ਕਿਸਾਨ ਆਗੂ ਦੀ ਸਿਹਤਯਾਬੀ ਲਈ ਜ਼ਰੂਰੀ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ । ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਇਸ਼ਾ ਸਿੰਗਲ ਤੇ ਹੋਰਾਂ ਦੀ ਟੀਮ ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ । ਡੱਲੇਵਾਲ ਦੀ ਸਿਹਤ ਸੰਭਾਲ ਲਈ ਗਠਿਤ ਕੀਤੀ ਸਿਹਤ ਮਾਹਿਰਾਂ ਅਤੇ ਸੂਬਾ ਸਰਕਾਰ ਦੀ ਉੱਚ ਪੱਧਰੀ ਟੀਮ ਨੇ ਕਿਸਾਨ ਆਗੂ ਨੂੰ ਢੁਕਵਾਂ ਇਲਾਜ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਸਾਨ ਆਗੂ ਨੂੰ ਜਾਣੂ ਕਰਵਾਇਆ ਕਿ ਇਸ ਸਮੇਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ।
ਭਾਵੇਂ ਕਿਸਾਨ ਆਗੂ ਡੱਲੇਵਾਲ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਦੀ ਟੀਮ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਪਰ ਉੱਚ ਪੱਧਰੀ ਟੀਮ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਿੰਦਰਾ ਮੈਡੀਕਲ ਕਾਲਜ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦੀ ਮੈਡੀਕਲ ਟੀਮ ਪਹਿਲਾਂ ਹੀ ਉੱਘੇ ਕਿਸਾਨ ਆਗੂ ਦੀ ਸਿਹਤ ਦੀ ਨਿਰੰਤਰ ਦੇਖਭਾਲ ਲਈ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਸਾਨ ਆਗੂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਲਈ ਕਿਹਾ ਪਰ ਆਪਣੀ ਸਿਹਤ ਸੰਭਾਲ ਲਈ ਲੋੜੀਂਦੀ ਦਵਾਈ ਅਤੇ ਤਰਲ ਪਦਾਰਥ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਜਾਨ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਸਾਨ ਆਗੂ ਨੂੰ ਕਿਸੇ ਵਲੰਟੀਅਰ ਦੇ ਨਾਲ ਰਾਜਿੰਦਰਾ ਮੈਡੀਕਲ ਕਾਲਜ ਜਾਂ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਤਬਦੀਲ ਕਰਨ ਦਾ ਵਿਕਲਪ ਵੀ ਦਿੱਤਾ ।
ਉੱਚ ਪੱਧਰੀ ਟੀਮ ਨੇ ਕਿਸਾਨ ਆਗੂ ਨੂੰ ਇਹ ਵੀ ਦੱਸਿਆ ਕਿ ਮੈਡੀਕਲ ਟੀਮਾਂ ਧਰਨੇ ਵਾਲੀ ਥਾਂ ‘ਤੇ 24 ਘੰਟੇ ਡਿਊਟੀ ‘ਤੇ ਹਨ ਅਤੇ ਦੋ ਐਡਵਾਂਸਡ ਲਾਈਫ ਸਪੋਰਟ (ਏ.ਐੱਲ.ਐੱਸ.) ਐਂਬੂਲੈਂਸਾਂ 24 ਘੰਟੇ 7 ਦਿਨ (ਹਰ ਵੇਲੇ) ਧਰਨੇ ਵਾਲੀ ਸਥਾਨ ‘ਤੇ ਮੌਜੂਦ ਹਨ। ਇਸ ਐਂਬੂਲੈਂਸ ਵਿੱਚ ਜੀਵਨ ਸਹਾਇਤਾ ਤੇ ਦੇਖਭਾਲ ਦੇ ਅਨੁਸਾਰ ਲੋੜੀਂਦੀਆਂ ਸਾਰੀਆਂ ਦਵਾਈਆਂ ਅਤੇ ਉਪਕਰਨ ਮੌਜੂਦ ਹਨ, ਜਿਨ੍ਹਾਂ ਵਿੱਚ ਈਸੀਜੀ ਮਾਨੀਟਰ, ਡੀਫਿਬ੍ਰਿਲੇਟਰ, ਵੈਂਟੀਲੇਟਰ, ਸਕਿੰਗ ਮਸ਼ੀਨ, ਮਾਸਕ ਆਕਸੀਜਨ, ਨਾੜੀ ਰਾਹੀਂ ਤਰਲ ਪਦਾਰਥ ਦੇਣ ਲਈ ਸਾਜ਼ੋ-ਸਮਾਨ, ਸਾਹ ਲੈਣ ਵਾਲੇ ਇਨਟੂਬੇਸ਼ਨ ਉਪਕਰਨ, ਕੈਥੀਟਰਾਈਜ਼ੇਸ਼ਨ ਸਮੱਗਰੀ ਉਪਲਬਧ ਅਤੇ ਕਾਰਜਸ਼ੀਲ ਹੈ। ਉਨ੍ਹਾਂ ਨੇ ਕਿਸਾਨ ਆਗੂ ਨੂੰ ਆਰਜ਼ੀ ਹਸਪਤਾਲ ਵਿੱਚ ਸ਼ਿਫਟ ਹੋਣ ਦੀ ਅਪੀਲ ਵੀ ਕੀਤੀ ਜੋ ਕਿ ਸਾਰੀਆਂ ਐਮਰਜੈਂਸੀ ਦਵਾਈਆਂ ਅਤੇ ਉਪਕਰਨਾਂ ਨਾਲ ਲੈਸ ਹੈ ਅਤੇ ਇਹ ਹਸਪਤਾਲ ਉਨ੍ਹਾਂ ਦੇ ਮੰਚ ਤੋਂ ਮਹਿਜ਼ 700 ਮੀਟਰ ਦੀ ਦੂਰੀ ‘ਤੇ ਸਥਾਪਤ ਕੀਤਾ ਗਿਆ ਹੈ ।
ਉੱਚ ਪੱਧਰੀ ਟੀਮ ਨੇ ਦੱਸਿਆ ਕਿ ਮੇਕ ਸ਼ਿਫਟ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਤਾਇਨਾਤ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਮੇਕ ਸ਼ਿਫਟ ਹਸਪਤਾਲ ਸਾਰੇ ਲੋੜੀਂਦੇ ਉਪਕਰਨਾਂ ਜਿਵੇਂ ਕਿ ਵੈਂਟੀਲੇਟਰ, ਮਲਟੀਪੈਰਾ ਮਾਨੀਟਰ, ਆਕਸੀਜਨ, ਐਂਬੂਬੈਗ, ਇੰਟਿਊਬੇਸ਼ਨ ਕਿੱਟ, ਈ. ਟੀ. ਟੀ. ਟਿਊਬਾਂ, ਬੀਪੀ ਉਪਕਰਣ, ਈਸੀਜੀ ਮਸ਼ੀਨ ਨਾਲ ਲੈਸ ਹੈ, ਡੀਫਿਬਰੀਲੇਟਰ, ਸੈਚੂਰੇਸ਼ਨ ਜਾਂਚ, ਸੱਕਿੰਗ ਮਸ਼ੀਨ, ਰਾਈਲਜ਼ ਟਿਊਬ, ਗਲੂਕੋਮੀਟਰ ਅਤੇ ਸਾਰੇ ਜ਼ਰੂਰੀ ਟੀਕੇ ਅਤੇ ਦਵਾਈਆਂ ਉਪਲਬਧ ਕਰਵਾਈਆਂ ਗਈਆਂ ਹਨ । ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਬੋਰਡ ਦੇ ਚੇਅਰਮੈਨ ਡਾ. ਗਿਰੀਸ਼ ਸਾਹਨੀ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ ।
