ਜੇ ਹਿੰਮਤ ਹੈ ਤਾਂ ਇਕ ਵਾਰ ਭਾਰਤ ਦੀ ਧਰਤੀ `ਤੇ ਆ ਕੇ ਦਿਖਾਵੇ : ਭਾਜਪਾ ਆਗੂ ਗਰੇਵਾਲ

ਜੇ ਹਿੰਮਤ ਹੈ ਤਾਂ ਇਕ ਵਾਰ ਭਾਰਤ ਦੀ ਧਰਤੀ `ਤੇ ਆ ਕੇ ਦਿਖਾਵੇ : ਭਾਜਪਾ ਆਗੂ ਗਰੇਵਾਲ
ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਚਿਤਾਵਨੀ ਦਿੰਦਿਆਂ ਸਪੱਸ਼ਟ ਆਖਿਆ ਹੈ ਕਿ ਜੇ ਹਿੰਮਤ ਹੈ ਤਾਂ ਇਕ ਵਾਰ ਭਾਰਤ ਦੀ ਧਰਤੀ ਤੇ ਆ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਜੋ ਆਪਣੇ-ਆਪ ਨੂੰ ਸਿੱਖਾਂ ਦਾ ਆਗੂ ਆਖਦਾ ਹੈ, ਉਹ ਆਪਣੇ-ਆਪ ਬਣਿਆ ਆਗੂ ਹੈ । ਪਾਕਿਸਤਾਨ ਦੀ ਆਈ. ਐੱਸ. ਆਈ. ਵਲੋਂ ਜਾਰੀ ਵੀਡੀਓ ਵਿਚ ਪੰਨੂ ਅੱਤਵਾਦੀ ਮਾਡਿਊਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁੰਨਾਂ ਹਰਪ੍ਰੀਤ ਸਿੰਘ ਉਰਫ਼ ਹੈਪੀ ਪਛੀਆ, ਹਰਵਿੰਦਰ ਰਿੰਦਾ, ਗੁਰਦੇਵ ਜੈਸਲ, ਅੱਤਵਾਦੀਆਂ, ਗੈਂਗਸਟਰਾਂ, ਖਾਲਿਸਤਾਨੀ ਅਤੇ ਸਨਾਤਨ ਧਰਮ ਵਿਰੋਧੀ ਸਮਰਥਕਾਂ ਨਾਲ ਕੁੰਭ ਮੇਲੇ `ਚ ਵਿਘਨ ਪਾਉਣ ਦੀ ਗੱਲ ਕਹਿ ਰਿਹਾ ਹੈ । ਉਸ ਨੇ ਕਿਹਾ ਹੈ ਕਿ ਇਹ ਕੁੰਭ ਭਾਰਤ ਦਾ ਆਖਰੀ ਕੁੰਭ ਮੇਲਾ ਹੋਵੇਗਾ । ਇਸ `ਤੇ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਭਾਰਤੀ ਉਸ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਾਂ । ਜੇ ਉਸ `ਚ ਹਿੰਮਤ ਹੈ ਤਾਂ ਘੱਟੋ-ਘੱਟ ਇਕ ਵਾਰ ਭਾਰਤ ਦੀ ਧਰਤੀ `ਤੇ ਆ ਕੇ ਦਿਖਾਵੇ । ਗਰੇਵਾਲ ਨੇ ਕਿਹਾ ਕਿ ਪੰਨੂ ਪੰਜਾਬ ਅਤੇ ਪੂਰੇ ਭਾਰਤ ਦੇ ਹਿੰਦੂ- ਸਿੱਖ ਭਾਈਚਾਰੇ ਨੂੰ ਤਾਰਪੀਡੋ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹਿੰਦੂ ਅਤੇ ਸਿੱਖ ਇਕ ਹਨ ਅਤੇ ਪੰਨੂ ਕਦੇ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਵੇਗਾ ।
ਉਨ੍ਹਾਂ ਕਿਹਾ ਕਿ 1980 ਦੇ ਅੱਤਵਾਦ ਦੇ ਦਹਾਕੇ ਦੌਰਾਨ ਹਿੰਦੂ ਅਤੇ ਸਿੱਖ ਭਾਈਚਾਰੇ ਨੇ ਪਹਿਲਾਂ ਹੀ । ਬਹੁਤ ਨੁਕਸਾਨ ਝੱਲਿਆ ਹੈ।ਹੁਣ ਪੰਨੂ ਵਰਗੇ ਬਿਆਨਾਂ ਦਾ ਪੰਜਾਬੀਆਂ ਅਤੇ ਭਾਰਤੀਆਂ `ਤੇ ਕੋਈ ਅਸਰ ਨਹੀਂ ਹੋਵੇਗਾ । ਗਰੇਵਾਲ ਨੇ ਕਿਹਾ ਕਿ ਭਾਰਤ ਵਿਚ ਹਿੰਦੂਆਂ ਅਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੋ ਕਦੇ ਵੀ ਖਰਾਬ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਨੂ ਵਰਗੇ ਕੁਝ ਸ਼ਰਾਰਤੀ ਅਨਸਰ, ਜੋ ਸੋਸ਼ਲ ਮੀਡੀਆ `ਤੇ ਅਜਿਹੀਆਂ ਪੋਸਟਾਂ ਪਾ ਕੇ ਨੌਜਵਾਨਾਂ ਵਿਚ ਫੁੱਟ ਪੈਦਾ ਕਰਨਾ ਚਾਹੁੰਦੇ ਹਨ, ਆਪਣੇ ਮਨਸੂਬਿਆਂ ਵਿਚ ਕਦੇ ਵੀ ਕਾਮਯਾਬ ਨਹੀਂ ਹੋਣਗੇ । ਗਰੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਨੂ, ਹਰਪ੍ਰੀਤ ਸਿੰਘ ਉਰਫ਼ ਹੈਪੀ ਪਛੀਆ, ਹਰਵਿੰਦਰ ਰਿੰਦਾ ਤੇ ਗੁਰਦੇਵ ਜੈਸਲ ਖਿ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ।
