ਪ੍ਰੋ. ਅਨੁਪਮਾ ਨੇ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਅਹੁਦਾ ਸੰਭਾਲਿਆ

ਦੁਆਰਾ: News ਪ੍ਰਕਾਸ਼ਿਤ :Tuesday, 04 July, 2023, 07:06 PM

ਪ੍ਰੋ. ਅਨੁਪਮਾ ਨੇ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਅਹੁਦਾ ਸੰਭਾਲਿਆ
ਪਟਿਆਲਾ–ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਅਨੁਪਮਾ ਨੇ ਡੀਨ ਕਾਲਜ ਵਿਕਾਸ ਕੌਂਸਲ ਵਜੋਂ ਅਹੁਦਾ ਸੰਭਾਲ ਲਿਆ ਹੈ। ਅਰਥ ਵਿਗਿਆਨ ਦੇ ਖੇਤਰ ਵਿੱਚ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਪ੍ਰੋ. ਅਨੁਪਮਾ ਪਹਿਲਾਂ ਡੀਨ ਵਿਦਿਆਰਥੀ ਭਲਾਈ ਦੇ ਅਹੁਦੇ ਉੱਤੇ ਵੀ ਤਕਰੀਬਨ ਦੋ ਸਾਲ ਕੰਮ ਕਰ ਚੁੱਕੇ ਹਨ।
ਉਹ ਅਧਿਆਪਨ ਦੇ ਖੇਤਰ ਵਿੱਚ ਤਕਰੀਬਨ 27 ਸਾਲ ਦਾ ਤਜਰਬਾ ਰੱਖਦੇ ਹਨ। ਗ਼ੈਰ-ਜਥੇਬੰਦਕ ਕਿਰਤ ਮੰਡੀ, ਆਰਥਿਕ ਨਾਬਰਾਬਰੀ ਅਤੇ ਲਿੰਗ ਮੁੱਦੇ ਉਨ੍ਹਾਂ ਦੀ ਮੁਹਾਰਤ ਦਾ ਖੇਤਰ ਹਨ। ਕਿਰਤ ਅਰਥਚਾਰੇ ਦੇ ਖੇਤਰ ਵਿੱਚ ‘ਸਰਵੋਤਮ ਖੋਜ ਪੱਤਰ’ ਦਾ ਐਵਾਰਡ ਹਾਸਿਲ ਕਰਨ ਵਾਲੇ ਪ੍ਰੋ. ਅਨੁਪਮਾ ਨੇ ਵੱਖ-ਵੱਖ ਵੱਕਾਰੀ ਰਸਾਲਿਆਂ ਵਿੱਚ ਅਰਥ ਸ਼ਾਸਤਰ ਦੇ ਵਿਸ਼ੇ ਉੱਤੇ 80 ਤੋਂ ਵਧੇਰੇ ਖੋਜ ਪੱਤਰ ਪ੍ਰਕਾਸਿ਼ਤ ਕਰਵਾਏ ਹਨ।
ਪ੍ਰੋ. ਅਨੁਪਮਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਧਿਆਪਨ ਅਤੇ ਖੋਜ ਦੇ ਹਰ ਪੱਖ ਨਾਲ ਜੁੜਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਅਤੇ ਆਨਲਾਈਨ ਪੜ੍ਹਨ-ਪੜ੍ਹਾਉਣ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਤਜਰਬਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਅਨੁਪਮਾ ਨੇ ਲਗਾਤਾਰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਸੈਂਕੜੇ ਪ੍ਰੋਗਰਾਮ ਬਣਾਏ ਹਨ ਜੋ ਮੁਲਕ ਭਰ ਵਿੱਚ ਸਰਾਹੇ ਗਏ ਹਨ। ਪਿਛਲੇ ਸਾਲ ਹੀ ਪ੍ਰੋ. ਅਨੁਪਮਾ ਨੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੋ ਮੂਕ ਦੇ ਕੋਰਸ ਬਤੌਰ ਕੋਆਰਡੀਨੇਟਰ ਬਣਾਏ ਹਨ।
ਪ੍ਰੋ. ਅਨੁਪਮਾ ਦਾ ਕਹਿਣਾ ਹੈ ਕਿ ਹਰ ਨਵਾਂ ਅਹੁਦਾ ਨਵੀਂਆਂ ਚਣੌਤੀਆਂ ਲੈ ਕੇ ਆਉਂਦਾ ਹੈ। ਇਸੇ ਤਰ੍ਹਾਂ ਡੀਨ ਕਾਲਜਾਂ ਦਾ ਅਹੁਦਾ ਵੀ ਨਵੀਂਆਂ ਚਣੌਤੀਆਂ ਲੈ ਕੇ ਆਵੇਗਾ ਅਤੇ ਨਵਾਂ ਸਿਖਾਉਣ ਦਾ ਸਬੱਬ ਬਣੇਗਾ।