ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕੀਤਾ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਮਹਾਪੰਚਾਇਤ ਬੁਲਾਉਣ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 31 December, 2024, 06:25 PM

ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕੀਤਾ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਮਹਾਪੰਚਾਇਤ ਬੁਲਾਉਣ ਦਾ ਐਲਾਨ
ਸੰਗਰੂਰ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਵਿਖੇ ਅੱਜ ਕਿਸਾਨ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਕੀਤੀ, ਜਿਸ ਵਿਚ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਖਨੌਰੀ ਬਾਰਡਰ ਤੋਂ ਵੱਡਾ ਐਲਾਨ ਜਾਰੀ ਕਰਦਿਆਂ ਕਿਹਾ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਮਹਾਪੰਚਾਇਤ ਬੁਲਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕੇਂਦਰ ਸਰਕਾਰ ਵਿਰੁੱਧ ਸਾਡੀਆਂ ਮੰਗਾਂ ਨੂੰ ਲੈ ਕੇ ਲਿਆ ਗਿਆ ਹੈ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਮੁੱਖ ਹੈ । ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ 4 ਜਨਵਰੀ ਨੂੰ ਆਪਣੇ ਬੱਚਿਆਂ ਸਮੇਤ ਖਨੌਰੀ ਬਾਰਡਰ ‘ਤੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ । ਇਸ ਮਹਾ ਪੰਚਾਇਤ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ । ਕਿਸਾਨ ਆਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 36ਵੇਂ ਦਿਨ ਵੀ ਜਾਰੀ ਹੈ । ਉਨ੍ਹਾਂ ਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਹੈ, ਉਨ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਬਾਵਜੂਦ ਵੀ ਡੱਲੇਵਾਲ ਦੇ ਇਰਾਦੇ ਤੇ ਹੌਸਲੇ ਬੁਲੰਦ ਹਨ । ਕਿਸਾਨ ਆਗੂ ਅਭਿਮਨਿਊ ਨੇ ਦੱਸਿਆ ਕਿ ਡੱਲੇਵਾਲ ਦੀ ਭਾਵਨਾ ਹੈ ਕਿ 40 -42 ਸਾਲ ਉਨ੍ਹਾਂ ਨੇ ਕਿਸਾਨਾਂ ਲਈ ਕੰਮ ਕੀਤਾ ਹੈ, ਉਹ ਹੁਣ ਪਿੱਛੇ ਨਹੀਂ ਹੱਟਣਗੇ । ਉਨ੍ਹਾਂ ਕਿਹਾ ਕਿ ਭਲਕੇ ਕਰਨਾਟਕਾ ਤੋਂ ਵੱਡਾ ਜੱਥਾ ਖਨੌਰੀ ਬਾਰਡਰ ਪਹੁੰਚ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੀਆਂ ਸੂਬਾ ਪੱਧਰ ’ਤੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਹਨ । ਮੀਟਿੰਗਾਂ ਕਰ ਕੇ ਹਰਿਆਣੇ ਦੀਆਂ ਡਿਊਟੀਆਂ ਵੀ ਲਗਾਈਆਂ ਹਨ । ਪੰਜਾਬ ਵਿਚ ਜ਼ਿਲ੍ਹੇ ਪੱਧਰ ’ਤੇ ਪ੍ਰਚਾਰ ਕਰਨ ਲਈ ਰਣਨੀਤੀ ਬਣਾਈ ਗਈ ਹੈ। ਰਾਜਸਥਾਨ ਨੇ ਵੀ ਪੂਰੀ ਰਣਨੀਤੀ ਬਣਾ ਲਈ ਹੈ ।