ਜੰਮੂ ਨਿਵਾਸੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹੋਟਲ ਦੇ ਕਮਰੇ ਵਿਚੋ਼

ਦੁਆਰਾ: Punjab Bani ਪ੍ਰਕਾਸ਼ਿਤ :Thursday, 02 January, 2025, 12:03 PM

ਜੰਮੂ ਨਿਵਾਸੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹੋਟਲ ਦੇ ਕਮਰੇ ਵਿਚੋ਼
ਜੰਮੂ ਕਸ਼ਮੀਰ : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਡੋਡਾ ਦੇ ਭਦਰਵਾਹ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਗੈਸਟ ਹਾਊਸ ਵਿੱਚ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ । ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਜੰਮੂ-ਕਸ਼ਮੀਰ ਦੇ ਭੱਦਰਵਾਹ `ਚ ਨਵਾਂ ਸਾਲ ਮਨਾਉਣ ਆਏ ਸਨ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਮੁਕੇਸ਼ ਸਿੰਘ, ਆਸ਼ੂਤੋਸ਼ ਸਿੰਘ ਅਤੇ ਸੰਨੀ ਚੌਧਰੀ ਵਾਸੀ ਜੰਮੂ ਵਜੋਂ ਹੋਈ ਹੈ । ਤਿੰਨੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਭੱਦਰਵਾਹ ਆਏ ਸਨ । ਦਰਅਸਲ, ਪੁਲਸ ਉਸ ਸਮੇਂ ਚੌਕਸ ਹੋ ਗਈ ਜਦੋਂ ਇੱਕ ਮ੍ਰਿਤਕ ਨੇ ਆਪਣੇ ਪਰਿਵਾਰ ਦੇ ਵਾਰ-ਵਾਰ ਫ਼ੋਨ ਕਰਨ `ਤੇ ਵੀ ਕੋਈ ਜਵਾਬ ਨਹੀਂ ਦਿੱਤਾ । ਇਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ । ਡੋਡਾ ਦੇ ਐਸ. ਐਸ. ਪੀ. ਸੰਦੀਪ ਮਹਿਤਾ ਨੇ ਇਸ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਸਾਨੂੰ ਜੰਮੂ ਤੋਂ ਫ਼ੋਨ ਆਇਆ ਕਿ ਆਸ਼ੂਤੋਸ਼ ਨਾਂ ਦਾ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਨਵਾਂ ਸਾਲ ਮਨਾਉਣ ਲਈ ਭਦਰਵਾਹ ਆਇਆ ਹੈ । ਉਹ ਫ਼ੋਨ ਕਾਲਾਂ ਦਾ ਜਵਾਬ ਨਹੀਂ ਦੇ ਰਿਹਾ ਹੈ । ਸਾਡੀ ਟੀਮ ਨੇ ਉਨ੍ਹਾਂ ਦਾ ਪਤਾ ਲਗਾਇਆ ਅਤੇ ਉਹ ਇੱਕ ਹੋਟਲ ਦੇ ਕਮਰੇ ਵਿੱਚ ਸਨ । ਜਦੋਂ ਟੀਮ ਕਮਰੇ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋਈ ਤਾਂ ਤਿੰਨੇ ਨੌਜਵਾਨ ਬੇਹੋਸ਼ ਪਾਏ ਗਏ । ਪੁਲਸ ਨੇ ਕਿਹਾ ਹੈ ਕਿ ਫੋਰੈਂਸਿਕ ਟੀਮ ਨੇ ਮੌਕੇ `ਤੇ ਪਹੁੰਚ ਕੇ ਬੇਹੋਸ਼ ਹੋਏ ਤਿੰਨ ਨੌਜਵਾਨਾਂ ਦੀ ਜਾਂਚ ਕੀਤੀ । ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਐਸ. ਐਸ. ਪੀ. ਸੰਦੀਪ ਮਹਿਤਾ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਸਮੀ ਜਾਂਚ ਕੀਤੀ ਜਾ ਰਹੀ ਹੈ । ਪੁਲਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਸ਼ੁਰੂਆਤੀ ਕਾਰਨ ਦਮ ਘੁਟਣਾ ਜਾਪਦਾ ਹੈ । ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।