ਸੁਖਬੀਰ ਬਾਦਲ ਨੇ ਸਜ਼ਾ ਪੂਰੀ ਕਰਨ ਮਗਰੋ ਟੇਕਿਆ ਸ੍ਰੀ ਅਕਾਲ ਤਖ਼ਤ `ਤੇ ਮੱਥਾ

ਦੁਆਰਾ: Punjab Bani ਪ੍ਰਕਾਸ਼ਿਤ :Friday, 13 December, 2024, 02:01 PM

ਸੁਖਬੀਰ ਬਾਦਲ ਨੇ ਸਜ਼ਾ ਪੂਰੀ ਕਰਨ ਮਗਰੋ ਟੇਕਿਆ ਸ੍ਰੀ ਅਕਾਲ ਤਖ਼ਤ `ਤੇ ਮੱਥਾ
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ `ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ । ਇਸ ਤੋਂ ਪਹਿਲਾਂ ਅਕਾਲੀ ਦਲ ਦੇ ਹੋਰ ਆਗੂ ਵੀ ਉਥੇ ਪਹੁੰਚ ਗਏ। ਆਪਣੀ 10 ਦਿਨਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਹ ਸਾਰੇ ਅੰਮ੍ਰਿਤਸਰ ਪੁੱਜੇ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਅਪਣੀ ਸਜ਼ਾ ਪੂਰੀ ਕੀਤੀ । ਇਸ ਦੌਰਾਨ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਾਨੂੰ ਦਿਤੇ ਹੁਕਮਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸੇਵਾ ਪੂਰੀ ਕਰ ਲਈ ਹੈ । ਮੈਂ ਸਾਰੀ ਲੀਡਰਸ਼ਿਪ ਦਾ ਧਨਵਾਦ ਕਰਦਾ ਹਾਂ ਕਿ ਸਾਰਿਆਂ ਨੇ ਸੇਵਾ ਵਿਚ ਉਤਸ਼ਾਹ ਨਾਲ ਯੋਗਦਾਨ ਪਾਇਆ। ਇਸ ਦੌਰਾਨ ਚੀਮਾ ਨੇ ਵਿਰਸਾ ਸਿੰਘ ਵਲਟੋਹਾ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ ।
ਸੁਰੱਖਿਆ ਪ੍ਰਬੰਧਾਂ ਬਾਰੇ ਚੀਮਾ ਨੇ ਕਿਹਾ ਕਿ ਅੱਜ ਦੀ ਸੁਰੱਖਿਆ ਸਿਰਫ਼ ਦਿਖਾਵੇ ਲਈ ਹੈ, ਜੇਕਰ ਅੱਜ ਜਿਸ ਮੁਸਤੈਦੀ ਦਾ ਪੱਧਰ ਉਸ ਦਿਨ ਦਿਖਾਇਆ ਗਿਆ ਹੁੰਦਾ ਤਾਂ ਮਾਮਲਾ ਇਸ ਹੱਦ ਤਕ ਨਾ ਵਧਦਾ ਅਤੇ ਦੁਨੀਆਂ ਨੂੰ ਜਾ ਰਹੇ ਗ਼ਲਤ ਸੰਦੇਸ਼ ਨੂੰ ਰੋਕਿਆ ਜਾ ਸਕਦਾ ਸੀ । ਸੁਰੱਖਿਆ ਦਿਖਾਵੇ ਲਈ ਨਹੀਂ ਹੋਣੀ ਚਾਹੀਦੀ । ਪੰਜਾਬ ਵਿੱਚ ਅਕਾਲੀ ਦਲ ਦੀ ਮੁੜ ਸਥਾਪਨਾ ਲਈ ਯਤਨ ਹੁਣ ਸ਼ੁਰੂ ਹੋਣਗੇ। ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸਜ਼ਾ ਦਾ ਆਖ਼ਰੀ ਦਿਨ ਪੂਰਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਲਈ ਪੁੱਜੇ।ਸੁਖਬੀਰ ਬਾਦਲ ਪਿਛਲੇ 10 ਦਿਨਾਂ ਵਿਚ ਸ੍ਰੀ ਮੁਕਤਸਰ ਸਾਹਿਬ, ਦਰਬਾਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ 2-2 ਦਿਨ ਦੀ ਸਜ਼ਾ ਪੂਰੀ ਕਰ ਚੁੱਕੇ ਹਨ। ਅੱਜ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚਣਗੇ ਅਤੇ ਹੁਕਮਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਆਪਣੀ ਸਜ਼ਾ ਪੂਰੀ ਹੋਣ ਬਾਰੇ ਸੂਚਿਤ ਕਰਨਗੇ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਅਪਣੀ ਸਜ਼ਾ ਪੂਰੀ ਕਰਨਗੇ ।