ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ

ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ
ਭਵਾਨੀਗੜ੍ਹ, 13 ਦਸੰਬਰ : ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਜਾਗਰੁਕਤਾ ਕੈਂਪਾਂ ਦੀ ਲੜੀ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਰਾਜਪੁਰਾ ਵਿੱਚ ਮਟਰ, ਕਣਕ ਅਤੇ ਤੇਲ ਬੀਜ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਸਭ ਤੋਂ ਪਹਿਲਾਂ ਪਿੰਡ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਡਾ: ਅਸ਼ੋਕ ਕੁਮਾਰ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀਆਂ ਸਿਫਾਰਸ਼ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤਾ। ਉਨ੍ਹਾਂ ਦਸਿਆ ਕਿ ਕੁਝ ਖੇਤਾਂ ਵਿੱਚ, ਗੁਲਾਬੀ ਸੁੰਡੀ ਦਾ ਹਮਲਾ ਨੋਟ ਕੀਤਾ ਗਿਆ ਅਤੇ ਹਮਲੇ ਦੀ ਗੰਭੀਰਤਾ ਦੀ ਸਥਿਤੀ ਵਿੱਚ ਪਹਿਲੀ ਸਿੰਚਾਈ ਤੋਂ ਪਹਿਲਾਂ ਇੱਕ ਏਕੜ ਵਿੱਚ 7 ਕਿਲੋ ਮੋਰਟੇਲ/ਰੀਜੈਂਟ 0.3 ਜੀ (ਫਾਈਪਰੋਨਿਲ) ਜਾਂ 1 ਲੀਟਰ ਡਰਸਬਨ 20 ਈਸੀ (ਕਲੋਰਪਾਈਰੀਫੋਸ) ਨੂੰ 20 ਕਿਲੋ ਨਮੀ ਵਾਲੀ ਰੇਤ ਵਿੱਚ ਮਿਲਾ ਕੇ ਛੱਟਾ ਦੇਣ ਲਈ ਪ੍ਰੇਰਿਤ ਕੀਤਾ। ਜਾਂ ਫਿਰ 50 ਮਿਲੀਲੀਟਰ ਕੋਰਾਜਨ 18.5 ਐਸ.ਸੀ. (ਕਲੋਰੈਂਟ੍ਰਾਨਿਲੀਪ੍ਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਮਟਰ ਦੀ ਫ਼ਸਲ ਦੀ ਹਾਲਤ ਕਾਫ਼ੀ ਚੰਗੀ ਹੈ ਕਿਉਂਕਿ ਕਿਸਾਨਾਂ ਨੇ ਸਿਫ਼ਾਰਸ਼ ਕੀਤੀਆਂ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਹੈੈ। ਡਾ: ਕੁਮਾਰ ਨੇ ਤੇਲ ਬੀਜਾਂ ਦੀਆਂ ਫ਼ਸਲਾਂ ਦਾ ਦੌਰਾ ਵੀ ਕੀਤਾ ਜਿੱਥੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੇ ਹਮਲੇ ਅਤੇ ਖੁਰਾਕੀ ਤੱਤਾਂ ਦੀ ਘਾਟ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ।
