ਚੰਡੀਗੜ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ

ਦੁਆਰਾ: Punjab Bani ਪ੍ਰਕਾਸ਼ਿਤ :Friday, 13 December, 2024, 04:56 PM

ਚੰਡੀਗੜ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ
ਪਟਿਆਲਾ : ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫ਼ਤਰ ਵਿਖੇ ਕੰਮ ਕਰਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਸਾਂਝੇ ਤੌਰ ਤੇ ਅੱਜ ਮੁੱਖ ਦਫਤਰ ਦੇ ਸਾਹਮਣੇ ਚੰਡੀਗੜ ਬਿਜਲੀ ਨਿਗਮ ਨੂੰ ਕੇਂਦਰ ਸਰਕਾਰ ਵੱਲੋ ਪ੍ਰਾਈਵੇਟ ਹੱਥਾਂ ਵਿੱਚ ਸੌਪਣ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਅੱਜ ਦੇ ਰੋਸ ਪ੍ਰਦਰਸਨ ਵਿੱਚ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ, ਐਮ. ਐਸ. ਯੂ ਅਤੇ ਇੰਜੀਨੀਅਰ ਐਸ਼ੋਸ਼ੀਏਸ਼ਨ ਵੱਲੋ ਸਮੂਲੀਅਤ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ, ਐਮ. ਐਸ. ਯੂ ਦੇ ਪ੍ਰਧਾਨ ਸ੍ਰੀ ਹਰਪਾਲ ਸਿੰਘ ਅਤੇ ਇੰਜੀਨੀਅਰ ਐਸ਼ੋਸੀਏਸ਼ਨ ਦੇ ਚੀਫ ਪੈਟਰਨ ਇੰਜ. ਪਦਮਜੀਤ ਸਿੰਘ ਅਤੇ ਜਨਰਲ ਸਕੱਤਰ ਇੰਜ: ਅਜੈਪਾਲ ਸਿੰਘ ਅਟਵਾਲ ਵੱਲੋ ਦੱਸਿਆ ਗਿਆ ਕਿ ਕਿਵੇ ਭਾਰਤ ਸਰਕਾਰ ਵੱਲੋ ਸ਼ਰੇਆਮ ਬਿਜਲੀ ਐਕਟ 2003 ਦੀ ਉਲੰਘਣਾ ਕਰਕੇ ਮੁਨਾਫੇ ਵਾਲੇ ਅਦਾਰਿਆਂ ਨੂੰ ਘਾਟੇ ਵਿੱਚ ਦਰਸਾ ਕੇ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਅਜਿਹਾ ਕਰਕੇ ਜਿੱਥੇ ਸਰਕਾਰਾਂ ਆਪਣੀ ਜਿੰਮੇਵਾਰੀ ਤੋ ਭੱਜ ਰਹੀਆਂ ਹਨ ਉਥੇ ਹੀ ਹਜਾਰਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ ਅਤੇ ਆਮ ਖਪਤਕਾਰਾਂ ਨੂੰ ਮਹਿੰਗੇ ਭਾਅ ਤੇ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਵੇਗਾ । ਜੱਥੇਬੰਦੀਆਂ ਵੱਲੋ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਇਸ ਨਾਦਰਸ਼ਾਹੀ ਫੈਸਲੇ ਨੂੰ ਨਾ ਬਦਲਿਆਂ ਗਿਆ ਤਾਂ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਚੰਡੀਗੜ ਬਿਜਲੀ ਨਿਗਮ ਦੇ ਕਾਮਿਆਂ ਦੇ ਸਮਰਥਨ ਵਿੱਚ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਣਗੇ। ਅੱਜ ਦੀ ਰੋਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਇੰਜ: ਪਦਮਜੀਤ ਸਿੰਘ, ਸ੍ਰੀ ਅਵਤਾਰ ਸਿੰਘ ਕੈਂਥ, ਸ੍ਰੀ ਹਰਪਾਲ ਸਿੰਘ, ਇੰਜ:ਅਜੈਪਾਲ ਸਿੰਘ ਅਟਵਾਲ, ਇੰਜ: ਰਮਿੰਦਰ ਸਿੰਘ, ਇੰਜ: ਪਰੀਤਇੰਦਰ ਸਿੰਘ ਵੱਲੋ ਸੰਬੋਧਿਤ ਕੀਤਾ ਗਿਆ ।