ਹਰਿਆਣਾ ਸਰਕਾਰ ਵੱਲੋਂ ਅਗਲੀ ਗਲਬਾਤ ਦੇ ਲਈ ਸੱਦੇ ਪੱਤਰ ਦਾ ਰਹੇਗਾ ਇੰਤਜ਼ਾਰ : ਪੰਧੇਰ

ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 07:03 PM

ਹਰਿਆਣਾ ਸਰਕਾਰ ਵੱਲੋਂ ਅਗਲੀ ਗਲਬਾਤ ਦੇ ਲਈ ਸੱਦੇ ਪੱਤਰ ਦਾ ਰਹੇਗਾ ਇੰਤਜ਼ਾਰ : ਪੰਧੇਰ
ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਉੱਤੇ ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਅਤੇ ਕਿਸਾਨ ਮਜਦੂਰ ਮੋਰਚੇ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਸੱਦੀ ਗਈ, ਜਿਸ ਵਿਚ ਮੋਰਚੇ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਬੀਤੀ ਰਾਤ ਰਾਜਪੁਰਾ ਵਿਖੇ ਅੰਬਾਲਾ (ਹਰਿਆਣਾ) ਦੇ ਉੱਚ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਿਸ ਵਿਚ ਉਹਨਾਂ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਦੋ ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਕਾਰਨ ਕਿਸਾਨ ਆਗੂਆਂ ਨੇ ਮੀਟਿੰਗ ਕਰ ਦੋ ਦਿਨਾਂ ਦਾ ਸਮਾਂ ਦੇ ਦਿੱਤਾ ਸੀ । ਹੁਣ 10 ਦਸੰਬਰ ਸ਼ਾਮ ਤਕ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਸੱਦੇ ਪੱਤਰ ਦਾ ਇੰਤਜਾਰ ਕੀਤਾ ਜਾਵੇਗਾ ਅਤੇ ਫਿਰ 10 ਦਸੰਬਰ ਨੂੰ ਹੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰ ਅਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ ਜਾਵੇਗੀ । ਇਸ ਪ੍ਰੈਸ ਵਾਰਤਾ ਨੂੰ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ ਅਤੇ ਪਰਮਜੀਤ ਸਿੰਘ ਬਿਹਾਰ ਨੇ ਵੀ ਸੰਬੋਧਨ ਕੀਤਾ । ਉਹਨਾਂ ਦੱਸਿਆ ਕਿ ਉਹ ਅੱਜ ਰਾਜਪੁਰਾ ਅਤੇ ਪਟਿਆਲਾ ਦੇ ਹਸਪਤਾਲਾਂ ਵਿਚ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ ਚਾਲ ਜਾਨਣ ਤੋਂ ਬਾਅਦ ਖਨੌਰੀ ਸਰਹੱਦ ਤੇ ਜਾਣਗੇ ਅਤੇ ਕਿਸਾਨ ਆਗੂ ਜੋ ਕਿ ਮਰਨ ਵਰਤ ਤੇ ਬੈਠੇ ਹਨ ਦਾ ਹਾਲ ਜਾਣਨਗੇ ਤੇ ਉੱਥੇ ਵੀ ਪ੍ਰੈਸ ਨਾਲ ਗਲਬਾਤ ਕਰਨਗੇ । ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦੁਪਹਿਰ 12 ਵਜੇ ਜਦੋਂ 101 ਮਰਜੀਵੜਿਆਂ ਦਾ ਦੂਜਾ ਜੱਥਾ ਦਿੱਲੀ ਵੱਲ ਕੂਚ ਕਰਨ ਦੇ ਲਈ ਰਵਾਨਾ ਹੋਇਆ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਕਿਸਾਨਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਸ ਤੋਂ ਬਾਅਦ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਦਾਗਦਿਆਂ ਫਿਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ।