ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਦਾ ਅਕਾਲੀ ਜੱਥਾ 30 ਜੂਨ ਤੋਂ ਕਨੇਡਾ ਵਿੱਚ ਧਰਮ ਪ੍ਰਚਾਰ ਕਰੇਗਾ: ਦਿਲਜੀਤ ਸਿੰਘ ਬੇਦੀ

ਸੰਗਤਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਸਤਰਾਂ ਦੇ ਦਰਸ਼ਨ ਵੀ ਹੋਣਗੇ
ਪਟਿਆਲਾ:- 28 ਜੂਨ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਵੱਖ-ਵੱਖ ਦੇਸਾਂ ਅਮਰੀਕਾ, ਕਨੇਡਾ, ਅਸਟ੍ਰੇਲੀਆ ਵਿਖੇ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ ਅਤੇ ਗੁਰਦੁਆਰਾ ਸਾਹਿਬਾਨ ਸਥਾਪਤ ਕਰਕੇ ਬੁੱਢਾ ਦਲ ਦੀ ਛਾਉਣੀਆਂ ਬਨਾਈਆਂ ਜਾ ਰਹੀਆਂ ਹਨ। ਇਸ ਮੰਤਵ ਹੇਠ ਹੀ ਬਾਬਾ ਬਲਬੀਰ ਸਿੰਘ ਵੱਲੋਂ ਵਿਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਧਰਮ ਪ੍ਰਚਾਰ ਤੇ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਉਹ 16 ਜੂਨ ਤੋਂ ਵਿਦੇਸ਼ੀ ਦੌਰੇ ਤੇ ਹਨ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਪ੍ਰੈਸ ਬਿਆਨ ਵਿਚ ਦਸਿਆ ਹੈ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਅਮਰੀਕਾ ਦੀ ਰਾਜਧਾਨੀ ਨਿਊਯਾਰਕ ਵਿਖੇ ਸਮੁੱਚੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ, ਸਭਾ ਸੁਸਾਇਟੀਆਂ ਤੇ ਸੇਵਕ ਜਥਿਆ ਵੱਲੋਂ ਸਨਮਾਨਤ ਕੀਤਾ ਗਿਆ ਬੁੱਢਾ ਦਲ ਦੇ ਮੁਖੀ ਆਪਣੇ ਜਥੇ ਸਮੇਤ 16 ਜੂਨ ਤੋਂ ਧਰਮ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਇੰਡਆਨਾ ਵਿਖੇ ਗੁਰੂ ਘਰ ਬਣਾ ਕੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਨਾਮਪੁਰ ਛਾਉਣੀ ਸਥਾਪਤ ਕੀਤੀ ਹੈ। ਸ. ਬੇਦੀ ਨੇ ਦਸਿਆ ਕਿ ਅਮਰੀਕਾ ਦੀ ਯਾਤਰਾ ਮੁਕੰਮਲ ਕਰਕੇ ਬਾਬਾ ਬਲਬੀਰ ਸਿੰਘ ਆਪਣੇ ਜਥੇ ਸਮੇਤ 30 ਜੂਨ ਨੂੰ ਵੈਨਕੁਅਰ ਅਤੇ 1 ਜੁਲਾਈ ਤੋਂ ਤਿੰਨ ਜੁਲਾਈ ਤੀਕ ਟਰੰਟੋ ਕਨੇਡਾ ਵਿਖੇ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਨਾਲ ਗੁਰਇਤਿਹਾਸ ਦੀ ਸਾਂਝ ਪਾਉਣਗੇ। ਇਨ੍ਹਾਂ ਸਮਾਗਮਾਂ ਦੌਰਾਨ ਗੁਰੂ ਘਰਾਂ ਵਿੱਚ ਸੰਗਤਾਂ ਨੂੰ ਬੁੱਢਾ ਦਲ ਪਾਸ ਗੁਰੂ ਸਾਹਿਬਾਨ, ਗੁਰੂ ਮਹਿਲਾਂ, ਸਾਹਿਬਜ਼ਾਦਿਆ ਅਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਉਨ੍ਹਾਂ ਦੇ ਨਾਲ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਯੂ.ਐਸ.ਏ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ ਆਦਿ ਨਾਲ ਚੱਲ ਰਹੇ ਹਨ।
