ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ
ਕਿਸਾਨ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ : ਕ੍ਰਿਪਾਲ ਵੀਰ ਸਿੰਘ
ਪਟਿਆਲਾ, 28 ਜੂਨ:
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਾਣੀ ਬਚਾਓ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਡੀ.ਐਮ. ਦੁਧਨਸਾਧਾ ਕ੍ਰਿਪਾਲ ਵੀਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ ਅਤੇ ਖੇਤੀਬਾੜੀ ਅਫ਼ਸਰ, ਬਲਾਕ ਭੁੱਨਰਹੇੜੀ ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਮਿਤੀ 28 ਜੂਨ ਨੂੰ ਪਿੰਡ ਫਰੀਦਪੁਰ ਵਿਖੇ ਅਗਾਂਹਵਧੂ ਕਿਸਾਨ ਗੁਰਮੇਲ ਸਿੰਘ ਅਤੇ ਗੁਰਮੇਜ ਸਿੰਘ ਦੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ।
ਅਗਾਂਹਵਧੂ ਕਿਸਾਨ ਗੁਰਮੇਲ ਸਿੰਘ ਪਿੰਡ ਫਰੀਦਪੁਰ ਵਿੱਚ ਪਿਛਲੇ 3 ਸਾਲਾਂ ਤੋਂ ਆਪਣੀ 12 ਏਕੜ ਜ਼ਮੀਨ ਅਤੇ ਗੁਰਮੇਜ ਸਿੰਘ 27 ਏਕੜ ਜ਼ਮੀਨਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਹੇਂ ਹਨ ਅਤੇ ਉਹ ਪਿਛਲੇ ਕਾਫ਼ੀ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤਾਂ ਵਿੱਚ ਹੀ ਸਾਂਭਦੇ ਹਨ।
ਐਸ.ਡੀ.ਐਮ ਦੁਧਨਸਾਧਾ ਕ੍ਰਿਪਾਲ ਵੀਰ ਸਿੰਘ ਨੇ ਮੌਕੇ ‘ਤੇ ਮੌਜੂਦ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਡਿੱਗਦੇ ਹੋਏ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ।
ਖੇਤੀਬਾੜੀ ਅਫ਼ਸਰ ਗੁਰਦੇਵ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾ ਕੇ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ ਨਾਲ ਹੀ ਲੇਬਰ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਭੁੱਨਰਹੇੜੀ ਵਿਮਲਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਨੇ ਮੌਜੂਦ ਕਿਸਾਨਾਂ ਨੂੰ ਤਰ ਵੱਤਰ ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਵਿਧੀ ਨਾਲ ਰਵਾਇਤੀ ਤਰੀਕੇ ਰਾਹੀਂ ਝੋਨੇ ਦੀ ਕਾਸ਼ਤ ਨਾਲੋਂ 15-20 ਫ਼ੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਝੋਨੇ ਨੂੰ ਬਿਮਾਰੀਆਂ ਅਤੇ ਕੀੜੇ-ਮਕੌੜੇ ਦੇ ਹਮਲੇ ਵੀ ਘੱਟ ਜਾਂਦੇ ਹਨ। ਕੱਦੂ ਕਰਕੇ ਝੋਨਾ ਲਗਾਉਣ ਨਾਲ ਜਿੱਥੇ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਖ਼ਤਮ ਹੁੰਦੀ ਹੈ, ਉੱਥੇ ਹੀ ਅਗਲੀ ਫ਼ਸਲ ਕਣਕ ਵੀ ਪ੍ਰਭਾਵਿਤ ਹੁੰਦੀ ਹੈ।
ਮੌਕੇ ‘ਤੇ ਮੌਜੂਦ ਕਿਸਾਨਾਂ ਨੇ ਐਸ.ਡੀ.ਐਮ ਦੁਧਨਸਾਧਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣਗੇ ਅਤੇ ਝੋਨੇ ਦੀ ਪਰਾਲੀ ਨੂੰ ਵੀ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਸਾਂਭਣਗੇ। ਇਸ ਮੌਕੇ ਹਰਮਨ ਜੀਤ ਸਿੰਘ, ਵਰਿੰਦਰ ਸਿੰਘ, ਸਰਪੰਚ ਗੁਰਨਾਮ ਸਿੰਘ, ਨੰਬਰਦਾਰ ਪ੍ਰਭਦੀਪ ਸਿੰਘ ਅਤੇ ਪਿੰਡ ਫਰੀਦਪੁਰ ਦੇ ਹੋਰ ਅਗਾਂਹਵਧੂ ਕਿਸਾਨ ਮੌਜੂਦ ਸਨ।