ਮਾਨਸੂਨ ਤੋਂ ਪਹਿਲਾਂ ਨਿਗਮ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ

ਦੁਆਰਾ: News ਪ੍ਰਕਾਸ਼ਿਤ :Wednesday, 28 June, 2023, 04:42 PM

ਮੁੱਖ ਡਰੇਨਾਂ ਦੇ ਨਾਲ-ਨਾਲ ਸੀਵਰੇਜ ਲਾਈਨਾਂ ਦੀ ਸਫ਼ਾਈ
-ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੱਗੇ 150 ਨਵੇਂ ਟਵਿਨ-ਬਿਨ
-ਸਫਾਈ, ਡੇਂਗੂ ਅਤੇ ਪੋਲੀਥੀਨ ਬੈਗ ਦੀ ਵਰਤੋਂ ਨਾ ਕਰਨ ਲਈ ਲਈ ਜਾਗਰੂਕਤਾ ਮੁਹਿੰਮ ਸ਼ੁਰੂ
ਪਟਿਆਲਾ, 28 ਜੂਨ
ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਮੌਨਸੂਨ ਤੋਂ ਪਹਿਲਾਂ ਜੰਗੀ ਪੱਧਰ ‘ਤੇ ਸਾਰੀਆਂ ਜ਼ਰੂਰੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰ ਦੇ ਮੁੱਖ ਡਰੇਨਾਂ ਅਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਨਾਲ-ਨਾਲ ਸੜਕਾਂ ਕਿਨਾਰੇ ਬਣੀਆਂ ਰੋਡ ਗਲੀਆਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਭਾਰੀ ਬਰਸਾਤ ਦੌਰਾਨ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਪਾਣੀ ਖੜ੍ਹਾ ਨਾ ਹੋਵੇ। ਇਸ ਦੇ ਨਾਲ ਹੀ ਨਿਗਮ ਨੇ ਭਾਰੀ ਮੀਂਹ ਦੌਰਾਨ ਬਿਗੜੇ ਹਾਲਾਤਾਂ ਨਾਲ ਨਜਿੱਠਣ ਲਈ ਆਪਣੇ ਸਾਰੇ ਸਾਧਨਾਂ ਨੂੰ ਅਪਡੇਟ ਕਰਨ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਟੋਲ ਫਰੀ ਨੰਬਰ 1800-180-2808 ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਨਿਗਮ ਦੀ ਦਫਤਰ ਵਿੱਚ ਸੀਵਰੇਜ, ਪਾਣੀ, ਸਟਰੀਟ ਲਾਈਟਾਂ ਅਤੇ ਸਫ਼ਾਈ ਆਦਿ ਸਬੰਧੀ ਇੱਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ।
ਨਿਗਮ ਕਮਿਸ਼ਨਰ ਦੇ ਹੁਕਮਾਂ ‘ਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਮਾਨਸੂਨ ਤੋਂ ਪਹਿਲਾਂ ਲੋੜੀਂਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਕੱਤਰ ਸੁਨੀਲ ਮਹਿਤਾ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਸਾਰੇ ਜਰੂਰੀ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਫਾਈ ਪ੍ਰਬੰਧਾਂ ਨੂੰ ਹੋਰ ਚੰਗਾ ਬਣਾਉਣ ਲਈ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਟਵਿਨ-ਬਿਨ ਲਗਾਏ ਜਾ ਰਹੇ ਹਨ। ਹੁਣ ਤੱਕ ਸ਼ਹਿਰ ਵਿੱਚ ਕਰੀਬ 150 ਟਵਿਨ-ਬਿਨ ਹਨ ਅਤੇ ਇਹਨਾਂ ਦੀ ਗਿਣਤੀ 250 ਦੇ ਪਾਰ ਕੀਤੇ ਜਾਣ ਦਾ ਟਿੱਚਾ ਮਿਥਿਆ ਗਿਆ ਹੈ।
ਦੂਜੇ ਪਾਸੇ ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਅੱਠਾਂ ਸੈਕਟਰਾਂ ਦੇ ਸੈਨੇਟਰੀ ਇੰਸਪੈਕਟਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਸੈਕਟਰ ਵਿੱਚ ਕੋਈ ਵੀ ਸੀਵਰੇਜ ਲਾਈਨ ਜਾਂ ਨਾਲਾ ਸਫ਼ਾਈ ਤੋਂ ਅਛੂਤਾ ਨਹੀਂ ਰਹਿਣਾ ਚਾਹੀਦਾ। ਇਸ ਦੇ ਨਾਲ ਹੀ ਹਰ ਇਲਾਕੇ ਵਿੱਚ ਸੜਕਾਂ ਕਿਨਾਰੇ ਬਣੀਆਂ ਰੋਡ ਗਲਿਆਂ ਦੀ ਵੀ ਸਫ਼ਾਈ ਕੀਤੀ ਜਾ ਰਹੀ ਹੈ, ਜਿਸ ਨਾਲ ਬਰਸਾਤ ਦੌਰਾਨ ਸ਼ਹਿਰ ਨੂੰ ਪਾਣੀ ਭਰਨ ਤੋਂ ਬਚਾਉਣਾ ਆਸਾਨ ਹੋ ਜਾਵੇਗਾ। ਬਰਸਾਤ ਦੌਰਾਨ ਪਾਣੀ ਭਰਨ ਵਾਲੇ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ।
ਬਰਸਾਤਾਂ ਦੌਰਾਨ ਡੇਂਗੂ ਦੀ ਸੰਭਾਵਨਾ ਦੇ ਮੱਦੇਨਜ਼ਰ ਨਿਗਮ ਕਮਿਸ਼ਨਰ ਨੇ ਸਿਹਤ ਵਿਭਾਗ ਨਾਲ ਮਿਲ ਕੇ ਆਪਣੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਦਿੱਤੀਆਂ ਹਨ। ਡੇਂਗੂ ਦਾ ਲਾਰਵਾ ਮਿਲਣ ‘ਤੇ ਨਿਗਮ ਵੱਲੋਂ ਪਿਛਲੇ ਦਿਨੀਂ 12 ਚਲਾਨ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਿਗਮ ਦੀਆਂ 14 ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਲਈ ਜਾਗਰੂਕ ਕਰ ਰਹੀਆਂ ਹਨ। ਨਿਗਮ ਕਮਿਸ਼ਨਰ ਖੁਦ ਇਨ੍ਹਾਂ ਟੀਮਾਂ ਦੀ ਨਿਗਰਾਨੀ ਕਰ ਰਹੇ ਹਨ।
ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦਾ ਹਰ ਵਸਨੀਕ ਮੌਨਸੂਨ ਦੀਆਂ ਤਿਆਰੀਆਂ ਵਿੱਚ ਨਿਗਮ ਨੂੰ ਸਹਿਯੋਗ ਦੇਣ। ਕੂੜੇ ਨੂੰ ਸਹੀ ਢੰਗ ਨਾਲ ਸੰਭਾਲਣ ਨਾਲ ਸ਼ਹਿਰ ਨੂੰ ਬਰਸਾਤਾਂ ਦੌਰਾਨ ਪਾਣੀ ਭਰਨ ਤੋਂ ਬਚਾਇਆ ਜਾ ਸਕੇਗਾ। ਇਸ ਦੇ ਨਾਲ ਹੀ ਪੌਲੀਥੀਨ ਬੈਗ ਦੀ ਵਰਤੋਂ ਨਾ ਕਰਨਾ ਵੀ ਮਾਨਸੂਨ ਦੀ ਤਿਆਰੀ ਨੂੰ ਆਸਾਨ ਬਣਾਵੇਗਾ। ਨਿਗਮ ਕਮਿਸ਼ਨਰ ਅਨੁਸਾਰ ਡੇਂਗੂ ਤੋਂ ਬਚਾਅ ਲਈ ਹਰ ਸ਼ਹਿਰ ਵਾਸੀ ਨੂੰ ਸਫਾਈ ਦੇ ਨਾਲ-ਨਾਲ ਜਾਗਰੂਕ ਹੋਣਾ ਚਾਹੀਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਬਾਰਸ਼ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਰਾਂ ਦੀਆਂ ਛੱਤਾਂ ‘ਤੇ ਜਾਂ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਡੇਂਗੂ ਦਾ ਲਾਰਵਾ ਹਮੇਸ਼ਾ ਸਾਫ ਪਾਣੀ ‘ਚ ਪੈਦਾ ਹੋ ਸਕਦਾ ਹੈ।