10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ਨਾਟਕ 'ਸੰਧਿਆ ਛਾਇਆ' ਪੇਸ਼ ਕੀਤਾ

10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ਨਾਟਕ ‘ਸੰਧਿਆ ਛਾਇਆ’ ਪੇਸ਼ ਕੀਤਾ
-ਰੂ-ਬ-ਰੂ ਵਾਲ਼ੇ ਸੈਸ਼ਨ ਦੌਰਾਨ ਪੰਜਾਬੀ ਰੰਗਮੰਚ ਤੇ ਫ਼ਿਲਮੀ ਲੇਖਕ ਪਾਲੀ ਭੁਪਿੰਦਰ ਨੇ ਤਜਰਬੇ ਸਾਂਝੇ ਕੀਤੇ
ਪਟਿਆਲਾ, 8 ਦਸੰਬਰ : ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਦਿਨ ਛੇਵੇਂ ਦਿਨ ਟੀ.ਐੱਫ.ਟੀ. ਚੰਡੀਗੜ੍ਹ ਵੱਲੋਂ ਨਾਟਕ ‘ਸੰਧਿਆ ਛਾਇਆ’ ਪੇਸ਼ ਕੀਤਾ ਗਿਆ । ਇਹ ਨਾਟਕ ਜੈਵੰਤ ਦਾ ਲਿਖਿਆ ਹੈ ਅਤੇ ਇਸ ਦਾ ਨਿਰਦੇਸ਼ਨ ਸੁਦੇਸ਼ ਸ਼ਰਮਾ ਨੇ ਕੀਤਾ । ਨਾਟਕ ਵਿੱਚ ਦਰਸਾਇਆ ਗਿਆ ਹੈ ਕਿ ਜਿਹੜੇ ਲੋਕ ਆਪਣਾ ਸਾਰਾ ਜੀਵਨ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਬਿਤਾਉਂਦੇ ਹਨ ਪਰ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ ਅਤੇ ਉਹ ਇਕੱਲੇ ਹੀ ਆਪਣੇ ਦੇਸ਼ ਵਿੱਚ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਦੇ ਹਨ ।
ਇਹ ਨਾਟਕ ਮਨੋਰੰਜਨ ਦੇ ਨਾਲ-ਨਾਲ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਸੁਨੇਹਾ ਵੀ ਦਿੰਦਾ ਹੈ। ਨਾਟਕ ਵਿਚਲੀ ਕਹਾਣੀ ਅਨੁਸਾਰ ਨਾਨਾ ਅਤੇ ਨਾਨੀ ਦੇ ਦੋ ਪੁੱਤਰ ਹਨ, ਦੀਨੂ ਅਤੇ ਨੰਦੂ। ਦੀਨੂ ਅਮਰੀਕਾ ਵਿੱਚ ਕੰਮ ਕਰਦਾ ਹੈ । ਉਹ ਅਕਸਰ ਆਪਣੇ ਪਰਿਵਾਰ ਨੂੰ ਮਿਲਣ ਆਉਂਦਾ ਹੈ ਪਰ ਉਹ ਸਮੇਂ-ਸਮੇਂ ‘ਤੇ ਪੈਸੇ ਭੇਜਦਾ ਰਹਿੰਦਾ ਹੈ ਪਰ ਅਜਿਹੀ ਜ਼ਿੰਦਗੀ ਵਿੱਚ ਪੈਸੇ ਦੀ ਨਹੀਂ ਸਗੋਂ ਸੰਗਤ ਦੀ ਲੋੜ ਹੁੰਦੀ ਹੈ । ਜਿਵੇਂ-ਜਿਵੇਂ ਨਾਟਕ ਦੀ ਕਹਾਣੀ ਅੱਗੇ ਵਧਦੀ ਹੈ, ਦਰਸ਼ਕਾਂ ਨੂੰ ਪਤਾ ਲੱਗਦਾ ਹੈ ਕਿ ਦੁਕਿਲਦਾਈ ਦੀ ਮੌਤ ਹੋ ਗਈ ਹੈ, ਜਿਸ ਕਾਰਨ ਨਾਨਾ ਅਤੇ ਨਾਨੀ ਦੋਵੇਂ ਡੂੰਘੇ ਸਦਮੇ ਵਿੱਚ ਹਨ ।
ਅੰਤ ਵਿੱਚ ਨਾਟਕ ਦਰਸ਼ਕਾਂ ਨੂੰ ਇੱਕ ਬਹੁਤ ਮਹੱਤਵਪੂਰਨ ਸਵਾਲ ਪੁੱਛਦਾ ਹੈ ਕਿ ਕੀ ਸਾਡੇ ਮਾਤਾ-ਪਿਤਾ ਕੋਲ ਸਾਡੇ ਲਈ ਕੋਈ ਵੀ ਸਹਾਰਾ ਨਹੀਂ ਹੈ ਜਾਂ ਸਾਨੂੰ ਉਨ੍ਹਾਂ ਨੂੰ ਇਕੱਲੇ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੀ ਆਪਣੀ ਜ਼ਿੰਦਗੀ ਹੁਣ ਵਧੀਆ ਚੱਲ ਰਹੀ ਹੈ । ਨਾਟਕ ਵਿੱਚ ਸੁਦੇਸ਼ ਸ਼ਰਮਾ, ਮਧੂ ਬਾਲਾ, ਅਮਨਦੀਪ ਸਿੰਘ, ਨਵਦੀਪ ਬਾਜਵਾ, ਕਵਿਤਾ, ਗੌਰਵ ਅਤੇ ਰਵਿੰਦਰ ਠਾਕੁਰ ਨੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ । ਮਿਊਜ਼ਿਕ ਤੇ ਲਾਈਟਿੰਗ ‘ਤੇ ਅੰਕੁਸ਼ ਅਤੇ ਹਰਵਿੰਦਰ ਨੇ ਸਾਥ ਨਿਭਾਇਆ । ਪੇਸ਼ਕਾਰੀ ਉਪਰੰਤ ਡਾ. ਇੰਦਰਜੀਤ ਸਿੰਘ ਨੇ ਨਾਟਕ ਬਾਰੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਬਹੁਤ ਸਾਰੇ ਨਾਟਕ ਇਸਦੀਆਂ ਕੰਧਾਂ ‘ਤੇ ਉਕਰੇ ਪਏ ਹਨ । ਸੁਰਜੀਤ ਸਿੰਘ ਸੇਠੀ ਦੇ ਨਾਟਕ ‘ਮੇਰਾ ਮੁਰਸ਼ਦ ਮੋੜ ਲਿਆਓ’ ਤੋਂ ਲੈ ਕੇ ਲੱਖਾ ਲਹਿਰੀ ਦੇ ਨਾਟਕ ‘ਲੌਕਡਾਊਨ’ ਤੱਕ । ਉਨ੍ਹਾਂ ਕਿਹਾ ਕਿ ਅੱਜ ਦਾ ਇਹ ਨਾਟਕ ਵੀ ਇਸਦੀਆਂ ਦੀਵਾਰਾਂ ‘ਤੇ ਅੰਕਿਤ ਹੋ ਗਿਆ ।
ਡਾ. ਰਵੀ ਅਨੂੰ ਨੇ ਕਿਹਾ ਕਿ ਨਾਟਕ ਸਟੇਜ ‘ਤੇ ਪੇਸ਼ ਹੁੰਦਾ ਹੈ ਪਰ ਵਾਪਰਦਾ ਲੋਕਾਂ ਦੇ ਦਿਲੋ ਦਿਮਾਗ਼ ਵਿੱਚ ਹੈ। ਇਹ ਹੀ ਨਾਟਕ ਦੀ ਤਾਕਤ ਹੈ । ਦਰਸ਼ਕਾਂ ਵਿੱਚ ਡਾ. ਸੁਰਜੀਤ ਭੱਟੀ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਕੁਲਦੀਪ ਕੌਰ ਆਦਿ ਨੇ ਸ਼ਮੂਲੀਅਤ ਕੀਤੀ । ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਸਵੇਰ ਦੇ ਰੂ-ਬ-ਰੂ ਵਾਲ਼ੇ ਸੈਸ਼ਨ ਦੌਰਾਨ ਪੰਜਾਬੀ ਰੰਗਮੰਚ ਤੇ ਫ਼ਿਲਮੀ ਲੇਖਕ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਨਾਟਕ ਆਪਣੀ ਮਰਜ਼ੀ ਨਾਲ ਲਿਖਿਆ ਜਾਂਦਾ ਹੈ ਤੇ ਫਿਲਮ ਲਿਖਵਾਈ ਜਾਂਦੀ ਹੈ ਜਿਸ ਵਿੱਚ ਵਪਾਰ ਜੁੜਿਆ ਹੁੰਦਾ ਹੈ । ਅੰਤ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿਤ ਟਵੰਟੀ ਵਨ ਸੈਂਚੁਰੀ ਵਲੋਂ ਪ੍ਰਕਾਸ਼ਿਤ ਪੁਸਤਕਾਂ ‘ਹੁਸਨ ਹਿਮਾਚਲ ਦਾ’ ਅਤੇ ‘ਉਡੀਕ‘ ਪਾਲੀ ਭੁਪਿੰਦਰ ਅਤੇ ਕਿਰਪਾਲ ਕਜ਼ਾਕ ਵੱਲੋਂ ਰਿਲੀਜ਼ ਕੀਤੀਆਂ ਗਈਆਂ ।
