ਗੁਰੂਗ੍ਰਾਮ ਦੇ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਆਈ ਸਾਹਮਣੇ
ਗੁਰੂਗ੍ਰਾਮ ਦੇ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਆਈ ਸਾਹਮਣੇ
ਗੁਰੂਗ੍ਰਾਮ : ਭਾਰਤ ਦੇਸ਼ ਦੇ ਸ਼ਹਿਰ ਗੁਰੂਗ੍ਰਾਮ ਦੇ ਇਕ ‘ਬਾਰ’ ’ਤੇ ਦੇਸੀ ਬੰਬ ਹਮਲੇ ’ਚ ਅਤਿਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸ਼ਮੂਲੀਅਤ ਉਸ ਸਮੇਂ ਸਾਹਮਣੇ ਆਈ ਜਦੋਂ ਸੈਕਟਰ-29 ਮਾਰਕੀਟ ’ਚ ਬਾਰ ਦੇ ਬਾਹਰ ਦੇਸੀ ਬੰਬ ਸੁੱਟਣ ਦੇ ਦੋਸ਼ ’ਚ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਤੋਂ ਪੁੱਛ-ਪੜਤਾਲ ਹੋਈ। ਇਹ ਗੱਲ ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ । ਪੁਲਸ ਅਧਿਕਾਰੀ ਨੇ ਦੱਸਿਅ ਕਿ ਉੱਤਰ ਪ੍ਰਦੇਸ਼ ਦੇ ਮੇਰਠ ਜਿ਼ਲ੍ਹੇ ਦੇ ਪਿੰਡ ਛੂਰ ਦੇ ਵਸਨੀਕ ਸਚਿਨ ਤਾਲੀਆਂ (27) ਨੇ ਪੁੱਛ-ਪੜਤਾਲ ਦੌਰਾਨ ਪ੍ਰਗਟਾਵਾ ਕੀਤਾ ਹੈ ਕਿ ਉਹ ਨਾਮਜ਼ਦ ਅਤਿਵਾਦੀ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦਾ ਗੁੰਡਾ ਹੈ। ਸ਼ਹਿਰ ਦੀ ਇਕ ਅਦਾਲਤ ਨੇ ਉਸ ਨੂੰ ਸੱਤ ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿਤਾ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਬਰਾੜ ਬੀ.ਕੇ.ਆਈ. ਲਈ ਕੰਮ ਕਰਦਾ ਹੈ। ਮੁਲਜ਼ਮ ਨੇ ਪੁੱਛ-ਪੜਤਾਲ ਕਰਨ ਵਾਲਿਆਂ ਨੂੰ ਦਸਿਆ ਕਿ ਉਹ ਜਬਰੀ ਵਸੂਲੀ ਅਤੇ ਦਹਿਸ਼ਤ ਫੈਲਾ ਕੇ ਸੰਗਠਨ ਲਈ ਫੰਡ ਇਕੱਠਾ ਕਰਦਾ ਹੈ। ਮੁਲਜ਼ਮ ਨੇ ਕਿਹਾ ਕਿ ਬਰਾੜ ਅਤੇ ਬਿਸ਼ਨੋਈ ਗੁਰੂਗ੍ਰਾਮ ਅਤੇ ਚੰਡੀਗੜ੍ਹ ’ਚ ਅਪਣਾ ਦਬਦਬਾ ਸਥਾਪਤ ਕਰਨਾ ਚਾਹੁੰਦੇ ਹਨ। ਚੰਡੀਗੜ੍ਹ ਦੇ ਸੈਕਟਰ 26 ’ਚ ਗਾਇਕ ਬਾਦਸ਼ਾਹ ਦੀ ‘ਬਾਰ’ ’ਚ ਹੋਏ ਧਮਾਕਿਆਂ ਤੋਂ ਕੁੱਝ ਦਿਨ ਬਾਅਦ ਮੰਗਲਵਾਰ ਸਵੇਰੇ ਗੁਰੂਗ੍ਰਾਮ ਦੇ ਸੈਕਟਰ 29 ’ਚ ਵੀ ਦੋ ਨਾਈਟ ਕਲੱਬਾਂ ਦੇ ਬਾਹਰ ਧਮਾਕਾ ਹੋਇਆ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਲਗਭਗ 13 ਦਿਨ ਪਹਿਲਾਂ ਵਟਸਐਪ ਰਾਹੀਂ ਕਲੱਬ ਸੰਚਾਲਕਾਂ ਨੂੰ ਫੋਨ ਕਰ ਕੇ ਕਰੋੜਾਂ ਰੁਪਏ ਅਤੇ ਕਾਰੋਬਾਰ ’ਚ 30 ਫ਼ੀ ਸਦੀ ਤਕ ਦੀ ਹਿੱਸੇਦਾਰੀ ਦੀ ਮੰਗ ਕੀਤੀ ਸੀ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਲੱਬ ਸੰਚਾਲਕਾਂ ਵਲੋਂ ਪੁਲਸ ਕੋਲ ਪਹੁੰਚ ਕਰਨ ਤੋਂ ਬਾਅਦ ਸੈਕਟਰ 29 ਦੀ ਮਾਰਕੀਟ ’ਚ ਪੁਲਿਸ ਤਾਇਨਾਤ ਕਰ ਦਿਤੀ ਗਈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਜਾਣਕਾਰੀ ਸੀ ਕਿ ਬਰਾੜ ਅਤੇ ਬਿਸ਼ਨੋਈ ਗੈਂਗ ਗੁਰੂਗ੍ਰਾਮ ਨੂੰ ਨਿਸ਼ਾਨਾ ਬਣਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਸਖਤ ਨਿਗਰਾਨੀ ਰੱਖ ਰਹੇ ਹਾਂ । ਕਲੱਬਾਂ ਨੂੰ ਵੀ ਚੌਕਸ ਕਰ ਦਿਤਾ ਗਿਆ ਸੀ ਅਤੇ ਅਸੀਂ ਦੋਸ਼ੀ ਨੂੰ ਉਸ ਸਮੇਂ ਫੜ ਲਿਆ ਜਦੋਂ ਉਹ ਦੇਸੀ ਬੰਬ ਸੁੱਟ ਰਿਹਾ ਸੀ। ਅਸੀਂ ਉਸ ਤੋਂ ਪੁੱਛ-ਪੜਤਾਲ ਕਰ ਰਹੇ ਹਾਂ ।
ਸੈਕਟਰ 17 ਦੀ ਕ੍ਰਾਈਮ ਯੂਨਿਟ ਦੇ ਹੈੱਡ ਕਾਂਸਟੇਬਲ ਅਨਿਲ ਦੀ ਸ਼ਿਕਾਇਤ ’ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦਸਿਆ ਕਿ ਉਹ ਮੰਗਲਵਾਰ ਸਵੇਰੇ ਸੈਕਟਰ 29 ਮਾਰਕੀਟ ਵਿਚ ਡਿਊਟੀ ’ਤੇ ਸੀ ਜਦੋਂ ਵੇਅਰਹਾਊਸ ਕਲੱਬ ਦੇ ਸਾਹਮਣੇ ਖੜੀ ਸਲੇਟੀ ਸਕੂਟੀ ਵਿਚ ਧਮਾਕਾ ਹੋਇਆ।ਸਿ਼ਕਾਇਤਕਰਤਾ ਨੇ ਦਸਿਆ ਕਿ ਇਕ ਵਿਅਕਤੀ ਨੂੰ ਹਿਊਮਨ ਕਲੱਬ ਦੇ ਸਾਈਨ ਬੋਰਡ ’ਤੇ ਇਕ ਹੋਰ ਬੰਬ ਸੁੱਟਦੇ ਹੋਏ ਵੇਖਿਆ ਗਿਆ। ਦੋਸ਼ੀ ਜਿਸ ਕੋਲ ਪੀਲੇ ਅਤੇ ਨੀਲੇ ਰੰਗ ਦੀਆਂ ਪੱਟੀਆਂ ਵਾਲਾ ਬੈਗ ਸੀ, ਨੂੰ ਇਲਾਕੇ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ। ਉਸ ਕੋਲੋਂ ਇਕ ਦੇਸੀ ਹਥਿਆਰ, ਦੋ ਦੇਸੀ ਬੰਬ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।ਹੈੱਡ ਕਾਂਸਟੇਬਲ ਨੇ ਅਪਣੇ ਬਿਆਨ ’ਚ ਕਿਹਾ ਸੀ ਕਿ ਮੁਲਜ਼ਮ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ ਕਿ ਉਹ ਗੋਲਡੀ ਬਰਾੜ ਦਾ ਆਦਮੀ ਹੈ। ਉਨ੍ਹਾਂ (ਬਾਰ ਮਾਲਕਾਂ) ਨੇ ਅਪਣੇ ਬੌਸ ਦੀ ਗੱਲ ਨਹੀਂ ਸੁਣੀ ਅਤੇ ਇਸ ਲਈ ਉਨ੍ਹਾਂ ਨੂੰ ਨਤੀਜੇ ਭੁਗਤਣੇ ਪਏ। ਪੁਲਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਅਪਣੀ 10ਵੀਂ ਜਮਾਤ ਦੀ ਇਮਤਿਹਾਨ ਪਾਸ ਕੀਤੀ ਹੈ ਅਤੇ ਉਹ ਬੇਰੁਜ਼ਗਾਰ ਹੈ। ਉਹ ਇਕੱਲਾ ਗੁਰੂਗ੍ਰਾਮ ਆਇਆ ਸੀ । ਇਕ ਹੋਰ ਸ਼ੱਕੀ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਪਰ ਬਾਅਦ ਵਿਚ ਛੱਡ ਦਿਤਾ ਗਿਆ ਕਿਉਂਕਿ ਘਟਨਾ ਵਿਚ ਉਸ ਦੀ ਭੂਮਿਕਾ ਸਥਾਪਤ ਨਹੀਂ ਹੋਈ ਸੀ ।