ਐਸ.ਡੀ.ਐਸ. ਈ. ਸੀਨੀਅਰ ਸੈਕੈਂਡਰੀ ਸਕੂਲ ਦੇ ਜਿਮਨਾਸਟਕਾਂ ਨੇ ਪਾਈ ਧਮਾਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 December, 2024, 11:35 AM

ਐਸ.ਡੀ.ਐਸ. ਈ. ਸੀਨੀਅਰ ਸੈਕੈਂਡਰੀ ਸਕੂਲ ਦੇ ਜਿਮਨਾਸਟਕਾਂ ਨੇ ਪਾਈ ਧਮਾਲ

ਰਾਜ ਪੱਧਰੀ ਸਕੂਲ ਖੇਡਾਂ ਵਿਚ 17 ਮੈਡਲ ਜਿੱਤ ਕੇ ਕੀਤਾ ਅਜਬ ਕਮਾਲ

ਪਟਿਆਲਾ ( ) ਪਟਿਆਲੇ ਸ਼ਹਿਰ ਦੇ 100 ਸਾਲ ਪੁਰਾਣੇ ਐਸ.ਡੀ.ਐਸ. ਈ. ਸੀਨੀਅਰ ਸੈਕੈਂਡਰੀ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੇ ਸ਼ਾਨਦਾਰ ਇਤਿਹਾਸ ਨੂੰ ਦੁਹਰਾਉਂਦੇ ਹੋਏ ਇਸ ਵਾਰ ਵੀ ਰਾਜ ਪੱਧਰੀ ਸਕੂਲ ਖੇਡਾਂ ਅਤੇ “ਖੇਡਾਂ ਵਤਨ ਪੰਜਾਬੀਆਂ ਦੀਆਂ” ਦੇ ਜਿਮਨਾਸਟਿਕ ਦੇ ਵੱਖ-ਵੱਖ ਇਵੈਂਟਸ ਵਿੱਚ ਧਮਾਲਾਂ ਪਾ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੂਦਮਨ ਸਿੰਘ ਨੇ ਸਕੂਲ ਦੇ ਇਹਨਾਂ ਜਿਮਨਾਸਟਾਂ ਦੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਸਕੂਲ ਦੀ ਖਿਡਾਰਨ ਸੰਗੀਤਾ ਨੇ ਸਕੂਲ ਸਟੇਟ ਖੇਡਾਂ ਵਿੱਚ ਅੰਡਰ 19 ਵਿੱਚ ਤਿੰਨ ਗੋਲਡ ਅਤੇ ਤਿੰਨ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣਾ ਲੋਹਾ ਮਨਵਾਇਆ ਅਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਜਿਮਨਾਸਟਿਕ ਦੀ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਅਤੇ 7000 ਰੁਪਏ ਦੀ ਨਗਦ ਇਨਾਮ ਰਾਸ਼ੀ ਹਾਸਿਲ ਕੀਤੀ। ਕੋਲਕਤਾ ਵਿੱਚ ਹੋਣ ਵਾਲੀ ਨੈਸ਼ਨਲ ਸਕੂਲਾਂ ਖੇਡਾਂ ਲਈ ਵੀ ਜਿਮਨਾਸਟ ਸੰਗੀਤਾ ਦੀ ਸਿਲੈਕਸ਼ਨ ਹੋ ਗਈ ਹੈ।

ਇਸੇ ਤਰ੍ਹਾਂ ਸਕੂਲ ਦੀ ਦੂਜੀ ਜਿਮਨਾਸਟ ਪੂਜਾ ਨੇ ਜਿੱਥੇ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਉਥੇ ਹੀ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਦੋ ਸਿਲਵਰ ਮੈਡਲ ਜਿੱਤਣ ਦੇ ਨਾਲ-ਨਾਲ 14000 ਰੁਪਏ ਨਗਦ ਦੀ ਇਨਾਮ ਰਾਸ਼ੀ ਵੀ ਜਿੱਤੀ। ਅੰਡਰ-19 ਦੇ ਸਟੇਟ ਸਕੂਲ ਗੇਮਸ ਵਿੱਚ ਜਿਮਨਾਸਟ ਲਲਿਤ ਨੇ ਇੱਕ ਗੋਲਡ ਦੋ ਸਿਲਵਰ ਅਤੇ ਇੱਕ ਕਾਂਸੀ ਦਾ ਤਮਗਾ ਹਾਸਿਲ ਕਰਨ ਦੇ ਨਾਲ ਨਾਲ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਇੱਕ ਗੋਲਡ ਅਤੇ ਇੱਕ ਕਾਂਸੀ ਦਾ ਤਮਗਾ ਹਾਸਲ ਕਰਨ ਦੇ ਨਾਲ ਨਾਲ 15000 ਰੁਪਏ ਦਾ ਨਗਦ ਪੁਰਸਕਾਰ ਵੀ ਜਿੱਤਿਆ ਹੈ। ਲਲਿਤ ਦੀ ਸਿਲੈਕਸ਼ਨ ਵੀ ਰਾਸ਼ਟਰੀ ਸਕੂਲ ਖੇਡਾਂ ਵਿੱਚ ਹਿੱਸਾ ਲੈਣ ਲਈ ਕਰ ਲਈ ਗਈ ਹੈ। ਸਟੇਟ ਸਕੂਲ ਦੇ ਗੇਮਸ ਦੇ ਅੰਡਰ 14 ਜਿਮਨਾਸਟਿਕ ਪ੍ਰਤੀਯੋਗਿਤਾ ਵਿੱਚ ਜਤਿਨ ਨੇ ਸਿਲਵਰ ਮੈਡਲ ਜਿੱਤਦੇ ਹੋਏ ਸਬ ਜੂਨੀਅਰ ਸਟੇਟ ਟੀਮ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮਾਣਮੱਤੀ ਪ੍ਰਾਪਤੀ ਲਈ ਸ਼੍ਰੀ ਸਨਾਤਨ ਧਰਮ ਸਭਾ ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਜੇ ਮੋਹਨ ਗੁਪਤਾ, ਜਨਰਲ ਸਕੱਤਰ ਸ਼੍ਰੀ ਅਨਿਲ ਗੁਪਤਾ ਅਤੇ ਸਕੂਲ ਦੇ ਮੈਨੇਜਰ ਸ਼੍ਰੀ ਐਨ.ਕੇ. ਜੈਨ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੂਦਮਨ ਸਿੰਘ, ਸਾਰੇ ਖਿਡਾਰੀਆਂ, ਉਹਨਾਂ ਦੇ ਕੋਚ ਸਾਹਿਬਾਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੱਤੀਆਂ। ਉਹਨਾਂ ਸਭਨਾਂ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਏ ਖਿਡਾਰੀਆਂ ਤੋਂ` ਸੇਧ ਪ੍ਰਾਪਤ ਕਰਨ ਦੀ ਪ੍ਰੇਰਨਾ ਵੀ ਦਿੱਤੀ।



Scroll to Top