ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 17ਵੇਂ ਦਿਨ ਵੀ ਜਾਰੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 17ਵੇਂ ਦਿਨ ਵੀ ਜਾਰੀ
ਸੰਗਰੂਰ : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ `ਤੇ ਬੈਠੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਦੇ ਚਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 17ਵਾਂ ਦਿਨ ਵਿਚ ਦਾਖਲ ਹੋ ਗਿਆ ਹੈ। ਅੱਜ ਉਹ ਸੰਦੇਸ਼ ਜਾਰੀ ਕਰ ਸਕਦੇ ਹਨ।ਸੂਤਰਾਂ ਮੁਤਾਬਕ ਕਿਸਾਨ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਹਨ, ਇਸ ਬਾਰੇ ਡੱਲੇਵਾਲ ਦਾ ਸੰਦੇਸ਼ ਹੋ ਸਕਦਾ ਹੈ। ਉਹ ਕਿਸਾਨਾਂ ਨੂੰ ਇਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਕੱਠੇ ਹੋਣ ਦਾ ਸੁਨੇਹਾ ਦੇ ਸਕਦੇ ਹਨ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ। ਉਨ੍ਹਾਂ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਇੰਨਾ ਹੀ ਨਹੀਂ ਡਾਕਟਰਾਂ ਮੁਤਾਬਕ ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਲੀਵਰ `ਚ ਵੀ ਸਮੱਸਿਆ ਹੋ ਸਕਦੀ ਹੈ ।
ਕੱਲ੍ਹ ਕਿਸਾਨਾਂ ਨੇ ਡੱਲੇਵਾਲ ਦਾ ਚੈਕਅੱਪ ਕਰਨ ਆਈ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਵੀ ਰੋਕ ਲਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਪਹਿਲਾਂ ਡੱਲੇਵਾਲ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਦੇਣੀ ਪਵੇਗੀ, ਉਸ ਤੋਂ ਬਾਅਦ ਹੀ ਸਰਕਾਰੀ ਡਾਕਟਰਾਂ ਨੂੰ ਡੱਲੇਵਾਲ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ, ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਸ਼ਾਮ ਦਾ ਖਾਣਾ ਨਾ ਪਕਾਉਣ ਅਤੇ ਆਪਣੇ ਪਰਿਵਾਰ ਨਾਲ ਫੋਟੋਆਂ ਸੋਸ਼ਲ ਮੀਡੀਆ `ਤੇ # ਨਾਲ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ 13 ਦਸੰਬਰ ਨੂੰ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਪੁਤਲੇ ਫੂਕੇ ਜਾਣੇ ਚਾਹੀਦੇ ਹਨ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ । ਬੁੱਧਵਾਰ (11 ਦਸੰਬਰ) ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ `ਤੇ ਗੱਲਬਾਤ ਲਈ ਤਿਆਰ ਹਨ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੱਖ ਤੋਂ ਵੀ ਗੱਲਬਾਤ ਦੇ ਰਾਹ ਹਮੇਸ਼ਾ ਖੁੱਲ੍ਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਿੱਟੂ ਮੀਟਿੰਗ ਦੀ ਤਰੀਕ ਅਤੇ ਸਮਾਂ ਤੈਅ ਕਰੇ।ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੱਲੇਵਾਲ ਸੂਝਵਾਨ ਕਿਸਾਨ ਆਗੂ ਹਨ। ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਇਸ ਮਸਲੇ ਦੇ ਹੱਲ ਲਈ ਕੰਮ ਕਰਨਾ ਚਾਹੀਦਾ ਹੈ ।