ਪੀ. ਏ. ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਟੀਮ ਵੱਲੋਂ 5 ਪਿੰਡਾਂ ਵਿੱਚ ਮਟਰ, ਕਣਕ ਅਤੇ ਸਟਰਾਬੈਰੀ ਦੇ ਖੇਤਾਂ ਦਾ ਦੌਰਾ

ਪੀ. ਏ. ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਟੀਮ ਵੱਲੋਂ 5 ਪਿੰਡਾਂ ਵਿੱਚ ਮਟਰ, ਕਣਕ ਅਤੇ ਸਟਰਾਬੈਰੀ ਦੇ ਖੇਤਾਂ ਦਾ ਦੌਰਾ
ਸੰਗਰੂਰ, 10 ਦਸੰਬਰ : ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ. ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਪੰਜ ਪਿੰਡਾਂ ਵਿੱਚ ਮਟਰ, ਕਣਕ ਅਤੇ ਸਟਰਾਬੈਰੀ ਫ਼ਸਲਾਂ ਦੀ ਕਾਸ਼ਤ ਦਾ ਨਰੀਖਣ ਕੀਤਾ। ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਅਤੇ ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਪਹਿਲੀ ਸਿੰਚਾਈ ਵਾਲੀ ਕਣਕ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਕੋਈ ਘਟਨਾ ਨਹੀਂ ਦੇਖੀ । ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਦੈੜੀਆਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਮਾਮੂਲੀ ਕੇਸ ਸਾਹਮਣੇ ਆਏ, ਜਿਨ੍ਹਾਂ ਨੂੰ ਸਿਫਾਰਸ਼ ਕੀਤੇ ਕੀਟਨਾਸ਼ਕਾਂ ਪਾਉਣ ਨਾਲ ਅਤੇ ਪਹਿਲਾ ਪਾਣੀ ਲਾਉਣ ਨਾਲ ਕਿਸਾਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰ ਲਿਆ । ਉਹਨਾਂ ਦੱਸਿਆ ਕਿ ਮਟਰਾਂ ਦੀ ਫ਼ਸਲ ਦੀ ਹਾਲਤ ਕਾਫ਼ੀ ਚੰਗੀ ਹੈ ਕਿਉਂਕਿ ਕਿਸਾਨਾਂ ਨੇ ਸਿਫ਼ਾਰਸ਼ ਕੀਤੀਆਂ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਹੈ ਅਤੇ ਬਿਜਾਈ ਦੇ ਬੈੱਡਾਂ ਤੋਂ ਨਦੀਨਾਂ ਨੂੰ ਸਾਫ਼ ਵੀ ਕੀਤਾ ਹੈ । ਡਾ. ਕੁਮਾਰ ਨੇ ਖੇਤ ਵਿੱਚ ਮਿੱਟੀ ਦੇ ਨਮੂਨੇ ਲੈਣ ਦੀ ਵਿਧੀ ਦਾ ਮੌਕੇ ਤੇ ਹੀ ਪ੍ਰਦਰਸ਼ਨ ਵੀ ਕੀਤਾ । ਪਿੰਡ ਮਾਝੀ ਵਿੱਚ ਸਟ੍ਰਾਬੇਰੀ ਫਾਰਮ ਦਾ ਨਿਰੀਖਣ ਕੀਤਾ ਗਿਆ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀਆਂ ਫ਼ਸਲਾਂ ਵਿੱਚ ਕੀੜੇ-ਮਕੌੜਿਆਂ ਦੇ ਹਮਲੇ ਅਤੇ ਖੁਰਾਕੀ ਤੱਤਾਂ ਦੀ ਕਮੀ ਦੀ ਲਗਾਤਾਰ ਜਾਂਚ ਕਰਦੇ ਰਹਿਣ ।
