ਐਸ. ਡੀ. ਐਮ. ਰਵਿੰਦਰ ਬਾਂਸਲ ਵੱਲੋਂ 25 ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਐਸ. ਡੀ. ਐਮ ਰਵਿੰਦਰ ਬਾਂਸਲ ਵੱਲੋਂ 25 ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਭਵਾਨੀਗੜ੍ਹ, 10 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਭਵਾਨੀਗੜ ਦੇ ਐਸ. ਡੀ. ਐਮ. ਸ਼੍ਰੀ ਰਵਿੰਦਰ ਬਾਂਸਲ ਦੁਆਰਾ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ 25 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਦਾ ਹੌਂਸਲਾ ਵਧ ਸਕੇ ਅਤੇ ਹੋਰ ਕਿਸਾਨ ਵੀ ਇਸ ਨਾਲ ਪ੍ਰੇਰਿਤ ਹੋ ਕਿ ਪਰਾਲੀ ਨੂੰ ਅੱਗ ਨਾ ਲਾਉਣ ਦਾ ਨਿਸ਼ਚਾ ਕਰ ਸਕਣ । ਸ਼੍ਰੀ ਰਵਿੰਦਰ ਬਾਂਸਲ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਿਸਾਨਾਂ ਦੁਆਰਾ ਝੋਨੇ ਦੀ ਰਹਿੰਦ ਖੂਹੰਦ ਦੀ ਸਾਂਭ ਸੰਭਾਲ ਲਈ ਵਰਤੇ ਜਾਂਦੇ ਵੱਖ ਵੱਖ ਤਰੀਕਿਆਂ ਬਾਰੇ ਪੱਖ ਜਾਣਿਆ। ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਨਾਂ ਅਗਾਂਹਵਧੂ ਕਿਸਾਨਾ ਤੋਂ ਪ੍ਰੇਰਿਤ ਹੋ ਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਪਾਉਣ । ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਖੇਤੀਬਾੜੀ ਵਿਕਾਸ ਅਫ਼ਸਰ ਅਨਮੋਲਦੀਪ ਸਿੰਘ ਵੱਲੋ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਉਨਾਂ ਦੀ ਜ਼ਮੀਨ ਵਿਚਲੇ ਤੱਤਾਂ ਦਾ ਵਾਧਾ ਹੋਇਆ ਹੈ ਜਿਸਦੇ ਸਿੱਟੇ ਵੱਜੋਂ ਘੱਟ ਖਾਦਾਂ ਪਾਉਣ ਨਾਲ ਖੇਤੀ ਖਰਚਾ ਵੀ ਘਟਿਆ ਹੈ । ਸਨਮਾਨ ਪੱਤਰ ਹਾਸਿਲ ਕਰਨ ਵਾਲੇ ਕਿਸਾਨ ਗੁਰਸੇਵਕ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਬੀਰ ਸਿੰਘ, ਗੁਰਮੀਤ ਸਿੰਘ, ਅਜੈਬ ਸਿੰਘ, ਗੌਰਵਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ, ਪ੍ਰਭਜੀਤ ਸਿੰਘ, ਬਿੱਕਰ ਸਿੰਘ, ਨਰਿੰਦਰ ਸਿੰਘ, ਲਖਵੀਰ ਸਿੰਘ, ਇਕਬਾਲ ਸਿੰਘ, ਮਿਹਰ ਚੰਦ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਅਮਨਪਾਲ ਸਿੰਘ, ਗੁਰਤੇਜ ਸਿੰਘ, ਸਵਰਨਜੀਤ ਸਿੰਘ, ਬਿਅੰਤ ਸਿੰਘ, ਪੁਸ਼ਪਿੰਦਰ ਸਿੰਘ, ਹਰਦੀਪ ਸਿੰਘ ਕਿਸਾਨਾਂ ਨੇ ਵਿਸ਼ੇਸ਼ ਸਨਮਾਨ ਲਈੇ ਐਸ.ਡੀ.ਐਮ ਭਵਾਨੀਗੜ ਅਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ ।
