ਲਿਥੂਆਨੀਆ ਦੇ ਲੇਖਕ ਯੂਜੇਨੀਅਸ ਅਲੀਸ਼ੰਕਾ ਨਾਲ਼ 'ਜਲਾਵਤਨੀ ਅਤੇ ਕਵਿਤਾ' ਵਿਸ਼ੇ 'ਤੇ ਚਰਚਾ ਹੋਈ

ਲਿਥੂਆਨੀਆ ਦੇ ਲੇਖਕ ਯੂਜੇਨੀਅਸ ਅਲੀਸ਼ੰਕਾ ਨਾਲ਼ ‘ਜਲਾਵਤਨੀ ਅਤੇ ਕਵਿਤਾ’ ਵਿਸ਼ੇ ‘ਤੇ ਚਰਚਾ ਹੋਈ
ਪਟਿਆਲਾ, 6 ਦਸੰਬਰ : ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪਟਿਆਲਾ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਲਿਥੂਆਨੀਆ ਦੇ ਲੇਖਕ ਯੂਜੇਨੀਅਸ ਅਲੀਸ਼ੰਕਾ ਨੇ ਅਧਿਆਪਕਾਂ ਅਤੇ ਖੋਜਾਰਥੀਆਂ ਨਾਲ਼ ਸੰਵਾਦ ਰਚਾਇਆ । ਇਸ ਚਰਚਾ ਦਾ ਆਯੋਜਨ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ, ਪਟਿਆਲਾ, ਰਵੀ ਖੋਜ ਸਕੂਲ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਗਿਆ । ਯੂਜੇਨੀਅਸ ਅਲੀਸ਼ੰਕਾ ਵਿਸ਼ਵ ਪ੍ਰਸਿੱਧ ਕਵੀ, ਨਿਬੰਧਕਾਰ ਅਤੇ ਅਨੁਵਾਦਕ ਵਜੋਂ ਜਾਣੇ ਜਾਂਦੇ ਹਨ। ਉਸ ਦੀਆਂ 7 ਕਵਿਤਾ ਪੁਸਤਕਾਂ ਅਤੇ 3 ਵਾਰਤਕ ਪੁਸਤਕਾਂ ਰੂਸੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਈਆਂ ਹਨ। ਉਸ ਦੀਆਂ ਰਚਨਾਵਾਂ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਹੋਈਆਂ ਹਨ । ਸੰਵਾਦ ਦੌਰਾਨ ਆਪਣੇ ਜਲਾਵਤਨੀ ਦੇ ਅਨੁਭਵ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਪਰਿਵਾਰ ਨੂੰ ਸਾਇਬੇਰੀਆਂ ਵਿਚ ਜਲਾਵਤਨੀ ਭੋਗਣੀ ਪਈ ਅਤੇ ਇਹ ਕਹਾਣੀ ਦਿਸਦੇ ਅਣਦਿਸਦੇ ਰੂਪ ਵਿਚ ਉਸ ਦੀਆਂ ਲਿਖਤਾਂ ਵਿਚ ਹਾਜ਼ਿਰ ਰਹੀ ਹੈ । ਅਮਰੀਕੀ ਕਵੀ ਬ੍ਰਾਇਨ ਟਰਨਰ ਦੇ ਸਵਾਲ ਦਾ ਜਵਾਬ ਦਿੰਦਿਆਂ ਅਲੀਸ਼ੰਕਾ ਨੇ ਕਿਹਾ ਕਿ ਅਨੁਭਵ ਕਲਪਨਾ ਕਵਿਤਾ ਵਿਚ ਕ੍ਰਿਸ਼ਟਲਾਇਜ਼ ਹੁੰਦੇ ਹਨ ਅਤੇ ਇਹ ਪ੍ਰਕਿਰਿਆ ਬਹੁਤ ਰਹੱਸਮਈ ਹੈ । ਉਨ੍ਹਾਂ ਕਿਹਾ ਕਿ ਉਹ ਕਵਿਤਾ ਵਿਚ ਆਪਣਾ ਸੱਚ ਕਹਿੰਦੇ ਹਨ ਕਿਉਂਕਿ ਉਹ ਇਹ ਵੀ ਸਮਝਦੇ ਹਨ ਕਿ ਸਵੈ ਵਿਚੋਂ ਗੁਜ਼ਰ ਕੇ ਬਾਹਰਲੇ ਸੰਸਾਰ ਨੂੰ ਜਾਣਿਆ ਜਾਂਦਾ ਹੈ । ਇਸ ਮੌਕੇ ਹਾਜ਼ਿਰ ਮਲਿਆਲੀ ਕਵੀ ਅਨਵਰ ਅਲੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਛੋਟੀਆਂ ਬੈਠਕਾਂ ਕਵਿਤਾ ਅਤੇ ਕਵੀ ਦੇ ਅਨੁਭਵ ਨੂੰ ਸਮਝਣ ਲਈ ਬਹੁਤ ਜ਼ਰੂਰੀ ਹਨ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਵਿੱਚ ‘ਸੰਗਤ ਪੰਜਾਬ’ ਅਤੇ ‘ਚੇਅਰ ਪੋਇਟਰੀ ਈਵਨਿੰਗਜ਼ ਕੋਲਕਾਤਾ’ ਵੱਲੋਂ ਕਰਵਾਏ ਗਏ ਅੰਤਰ ਰਾਸ਼ਟਰੀ ਕਵਿਤਾ ਉਤਸਵ ਵਿਚ ਸ਼ਾਮਿਲ ਹੋਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੇ ਬਹੁਤ ਸਾਰੇ ਕਵੀ ਇਸ ਗੱਲਬਾਤ ਮੌਕੇ ਹਾਜ਼ਿਰ ਸਨ ਜਿਨ੍ਹਾਂ ਵਿਚ ਪੋਲਿਸ਼ ਕਵੀ ਯੂਰੀ ਸੇਰੇਬ੍ਰਿਯੰਸਕੀ, ਅਮਰੀਕੀ ਕਵੀ ਬਰਾਇਨ ਟਰਨਰ, ਮਲਿਆਲੀ ਕਵੀ ਅਨਵਰ ਅਲੀ ਅਤੇ ਪੰਜਾਬੀ ਕਵੀ ਸਵਾਮੀ ਅੰਤਰ ਨੀਰਵ ਸ਼ਾਮਿਲ ਰਹੇ । ਇਸ ਮੌਕੇ ਪ੍ਰੋ. ਸੁਰਜੀਤ ਸਿੰਘ ਅਤੇ ਰਵੀ ਖੋਜ ਸਕੂਲ ਦੇ ਮੈਂਬਰ ਅਤੇ ਖੋਜਾਰਥੀ ਵੀ ਸ਼ਾਮਿਲ ਹੋਏ ।
