ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਕੀਤੀ ਸਕੱਤਰ ਗ੍ਰਹਿ ਤੇ ਵਿਸ਼ੇਸ਼ ਡੀ. ਜੀ. ਪੀ. ਨਾਲ ਮੀਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Friday, 06 December, 2024, 09:10 AM

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਕੀਤੀ ਸਕੱਤਰ ਗ੍ਰਹਿ ਤੇ ਵਿਸ਼ੇਸ਼ ਡੀ. ਜੀ. ਪੀ. ਨਾਲ ਮੀਟਿੰਗ
ਚੰਡੀਗੜ੍ਹ : ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਆਗਾਮੀ ਨਗਰ ਨਿਗਮ ਤੇ ਨਗਰ ਕੌਸਲ ਚੋਣਾਂ ਦੇ ਮੱਦੇਨਜ਼ਰ ਸਕੱਤਰ (ਗ੍ਰਹਿ) ਗੁਰਕੀਰਤ ਕਿਰਪਾਲ ਸਿੰਘ, ਵਿਸ਼ੇਸ਼ ਡੀਜੀਪੀ ਪੰਜਾਬ ਅਰਪਿਤ ਸ਼ੁਕਲਾ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ 5 ਨਗਰ ਨਿਗਮਾਂ, 44 ਨਗਰ ਕੌਂਸਲਾਂ ਦੀਆਂ ਆਮ ਚੋਣਾਂ, ਛੇ ਨਿਗਮਾਂ ਦੇ ਵਾਰਡਾਂ ਤੇ ਵੱਖ ਵੱਖ ਨਗਰ ਕੌਸਲਾਂ ਦੇ 43 ਵਾਰਡਾਂ ਵਿਚ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ । ਸੂਬੇ ਦੇ ਕੁੱਲ 1609 ਪੋਲਿੰਗ ਸਟੇਸ਼ਨ ਅਤੇ 3717 ਪੋਲਿੰਗ ਬੂਥ ਹਨ। ਜਿਨ੍ਹਾਂ ਵਿੱਚੋਂ 344 ਨੂੰ ਅਤਿ ਸੰਵੇਦਨਸ਼ੀਲ ਅਤੇ 665 ਨੂੰ ਸੰਵੇਦਨਸ਼ੀਲ ਪੋਲਿੰਗ ਸਥਾਨ ਘੋਸ਼ਿਤ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਥਾਨਾਂ ਅਤੇ ਬੂਥਾਂ ’ਤੇ ਸੁਰੱਖਿਆ ਦੇ ਨਿਯਮਾਂ ਅਨੁਸਾਰ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ । ਇਨ੍ਹਾਂ ਚੋਣਾਂ ਲਈ ਕੁੱਲ ਪੰਜਾਬ ਪੁਲਿਸ ਦੇ ਕਰੀਬ 20,486 ਪੁਲਸ ਮੁਲਾਜ਼ਮ ਅਤੇ ਹੋਮਗਾਰਡ ਜਵਾਨ ਤਾਇਨਾਤ ਕੀਤੇ ਜਾਣਗੇ। 500 ਪੈਟਰੋਲਿੰਗ ਪਾਰਟੀਆਂ ਅਤੇ 283 ਸਟਰਾਈਕਿੰਗ ਰਿਜ਼ਰਵ (ਡੀ. ਜੀ. ਪੀ. ਪੰਜਾਬ, ਰੇਂਜ ਅਤੇ ਜ਼ਿਲ੍ਹਾ ਹੈੱਡਕੁਆਰਟਰ, ਸਬ-ਡਵੀਜ਼ਨ ਜੀ. ਓ. ਅਤੇ ਪੁਲਿਸ ਸਟੇਸ਼ਨ) ਵੀ ਪੋਲੰਗ ਖੇਤਰਾਂ ਨੂੰ 24 ਘੰਟੇ ਸੁਰੱਖਿਅਤ ਰੱਖਣ ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਲਈ ਤਾਇਨਾਤ ਕੀਤੇ ਜਾਣਗੇ । ਇਸੀ ਤਰਾਂ ਨਜਾਇਜ਼ ਸ਼ਰਾਬ, ਨਕਦੀ, ਨਸ਼ਿਆਂ ਅਤੇ ਸਮਾਜ ਵਿਰੋਧੀ ਤੱਤਾਂ ਦੀ ਆਵਾਜਾਈ ਨੂੰ ਰੋਕਣ ਲਈ ਦਿਨ-ਰਾਤ 74 ਸੈਕੰਡ ਲਾਈਨ ਆਫ਼ ਡਿਫੈਂਸ ਨਾਕੇ, 87 ਅੰਤਰਰਾਜੀ ਨਾਕੇ ਅਤੇ 257 ਅੰਤਰ-ਜ਼ਿਲ੍ਹਾ/ਇੰਟਰ-ਜ਼ਿਲ੍ਹਾ ਨਾਕੇ ਲਗਾਏ ਜਾਣਗੇ । ਉਨ੍ਹਾਂ ਦੱਸਿਆ ਕਿ ਸਪੈਸ਼ਲ ਡੀ. ਜੀ. ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੂੰ ਇਹਨਾਂ ਚੋਣਾਂ ਲਈ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ । ਰਾਜ ਚੋਣ ਕਮਿਸ਼ਨਰ ਨੇ ਮੰਗ ਕੀਤੀ ਕਿ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਵੱਲੋਂ ਅਮਨ-ਕਾਨੂੰਨ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਬਦਨਾਮ ਵਿਅਕਤੀਆਂ, ਸ਼ਰਾਰਤੀ ਅਨਸਰਾਂ, ਬੂਟ-ਲੈਗਰਸ, ਜ਼ਮਾਨਤ,ਪੈਰੋਲ ਜੰਪਰਾਂ, ਘੋਸ਼ਿਤ ਭਗੌੜਿਆਂ ਆਦਿ ਬਾਰੇ ਰੋਜ਼ਾਨਾ ਆਧਾਰ ’ਤੇ ਨਜ਼ਰ ਰੱਖੀ ਜਾਵੇ ਅਤੇ ਕਾਬੂ ਕਰਨ ਲਈ ਕਦਮ ਚੁੱਕੇ ਜਾਣ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਾਰੇ ਸਟੋਰੇਜ/ਕਾਉਂਟਿੰਗ ਸੈਂਟਰਾਂ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਜਿਸ ਇਮਾਰਤ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ ਉਸ ਦੇ ਅੰਦਰ ਅਤੇ ਆਲੇ ਦੁਆਲੇ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾ ਸਕਣ। ਚੋਣਾਂ ਦੀ ਮਿਤੀ ਤੋਂ 3 ਦਿਨ ਪਹਿਲਾਂ ਤੱਕ ਸ਼ਰਾਰਤੀ ਅਨਸਰਾਂ ਦੇ ਸੂਬੇ ਵਿੱਚ ਦਾਖਲੇ ਨੂੰ ਰੋਕਣ ਅਤੇ ਸ਼ਰਾਬ ਜਾਂ ਨਸ਼ਿਆਂ ਦੀ ਤਸਕਰੀ ਜਾਂ ਵੰਡ ਨੂੰ ਰੋਕਣ ਲਈ ਸਖ਼ਤ ਚੌਕਸੀ ਅਤੇ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਗਿਆ। ਚੌਧਰੀ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਵੋਟਰਾਂ ਨੂੰ ਅਜ਼ਾਦ ਢੰਗ ਨਾਲ ਵੋਟ ਪਾਉਣ ਲਈ ਉਚੇਚੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।