ਸੰਗਰੂਰ ਵਿੱਚ ਯੋਗਾ ਅਧਿਅਨ ਕੇਂਦਰ ਦੀ ਸ਼ੁਰੂਆਤ
ਸੰਗਰੂਰ ਵਿੱਚ ਯੋਗਾ ਅਧਿਅਨ ਕੇਂਦਰ ਦੀ ਸ਼ੁਰੂਆਤ
ਸੀ. ਐਮ. ਦੀ ਯੋਗਸ਼ਾਲਾ ਦੇ ਕੋਆਰਡੀਨੇਟਰ ਨਿਰਮਲ ਸਿੰਘ ਵੱਲੋਂ ਨਾਗਰਿਕਾਂ ਨੂੰ ਸਿਹਤਮੰਦ ਰਹਿਣ ਲਈ ਯੋਗਾ ਕਰਨ ਦਾ ਸੱਦਾ
ਸੰਗਰੂਰ, 7 ਦਸੰਬਰ : ਪੰਜਾਬ ਸਰਕਾਰ ਦੁਆਰਾ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਸਮੇਂ ਸਮੇਂ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਯੋਗਾ ਅਧਿਅਨ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਮੌਕੇ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਡਾ. ਗਗਨਦੀਪ ਸਿੰਘ ਧਾਕੜ, ਸੀ. ਐਮ. ਦੀ ਯੋਗਸ਼ਾਲਾ ਦੇ ਕੰਸਲਟੈਂਟ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਕੁਮਾਰ ਮਿਸ਼ਰਾ ਨੇ ਵੀਡੀਓ ਕਾਨਫਰੰਸ ਰਾਹੀਂ ਭਾਗ ਲਿਆ ਅਤੇ ਬੱਚਿਆਂ ਨੂੰ ਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਯੋਗ ਦੇ ਆਉਣ ਵਾਲੇ ਭਵਿੱਖ ਵਿੱਚ ਕੈਰੀਅਰ ਵਿਕਲਪਾਂ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਕੋਰਸ ਵਿੱਚ ਤਕਰੀਬਨ 100 ਸਿਖਿਆਰਥੀ ਭਾਗ ਲੈ ਰਹੇ ਹਨ ਅਤੇ ਇਹ ਸਿਖਲਾਈ ਸੈਂਟਰ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿੱਚ ਬਣਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਪੜ੍ਹਨ ਵਾਲੇ ਬੱਚੇ ਆਉਣ ਵਾਲੇ ਸਮੇਂ ਵਿੱਚ ਆਪਣੇ ਭਵਿੱਖ ਨੂੰ ਤਾਂ ਉਜਵਲ ਕਰਨਗੇ ਅਤੇ ਉਸ ਦੇ ਨਾਲ ਹੀ ਇਹ ਸਮਾਜ ਦੀ ਉਸਾਰੀ ਲਈ ਵੀ ਮਹੱਤਵਪੂਰਨ ਯੋਗਦਾਨ ਪਾਉਣਗੇ । ਉਹਨਾਂ ਕਿਹਾ ਕਿ ਅੱਜ ਸਮਾਜ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਗ੍ਰਸਤ ਹੋ ਰਹੇ ਹਨ ਅਤੇ ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਯੋਗ ਨਾਲ ਜੁੜਨ ਦੀ ਲੋੜ ਹੈ। ਨਿਰਮਲ ਸਿੰਘ ਨੇ ਕਿਹਾ ਕਿ ਯੋਗ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀ ਜਿੱਥੇ ਖੁਦ ਸਿਹਤਮੰਦ ਰਹਿਣਗੇ ਓਥੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਬਿਮਾਰੀਆਂ ਤੋਂ ਦੂਰ ਰੱਖਣ ਲਈ ਯਤਨਸ਼ੀਲ ਹੋਣਗੇ ।