ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ 'ਚ ਬੰਦੀਆਂ ਦੀ ਸਿਹਤ ਦੀ ਸਕਰੀਨਿੰਗ
ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ ‘ਚ ਬੰਦੀਆਂ ਦੀ ਸਿਹਤ ਦੀ ਸਕਰੀਨਿੰਗ
ਪਟਿਆਲਾ, 27 ਜੂਨ:
ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਦੇ ਸਕੱਤਰ ਤੇ ਸੀ.ਜੇ.ਐਮ ਮਾਨੀ ਅਰੋੜਾ ਵੱਲੋਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਅਤੇ ਜੇਲ੍ਹ ਦੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਕੈਂਪ ਦੌਰਾਨ ਮੈਡੀਕਲ ਬ੍ਰਾਂਚਾਂ ਦੇ ਸਪੈਸ਼ਲਿਸਟ, ਜਿਵੇਂ ਕਿ ਈ.ਐਨ.ਟੀ., ਆਰਥੋ, ਮੈਡੀਸਨ, ਦੰਦਾਂ, ਅੱਖਾਂ ਦੇ ਮਾਹਿਰ, ਚਮੜੀ ਅਤੇ ਗਾਇਨੀਕੋਲੋਜਿਸਟ ਨੇ ਕੁੱਲ 708 ਬੰਦੀਆਂ ਦਾ ਡਾਕਟਰੀ ਮੁਆਇਨਾ ਕੀਤਾ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਬੰਦੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਬਿਹਤਰੀ ਲਈ ਅਜਿਹੇ ਮੈਡੀਕਲ ਕੈਂਪ ਲਗਾਏ ਜਾਣਗੇ।
ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਾਲ ਵਿੱਚ ਹੀ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦੀਆਂ ਦੀ ਐਚ.ਆਈ.ਵੀ, ਐਚ.ਸੀ.ਵੀ ਅਤੇ ਟੀ.ਬੀ ਦੀ ਸਕ੍ਰੀਨਿੰਗ ਲਈ ਰਾਜ ਪੱਧਰੀ ਸਮਾਗਮ ਦੌਰਾਨ ਉਦਘਾਟਨ ਕਰਕੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਜੇਲ੍ਹ ਵਿਭਾਗ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਕਈ ਪਹਿਲਕਦਮੀਆਂ ਨੂੰ ਲਾਗੂ ਕੀਤਾ ਗਿਆ ਹੈ।