ਰੇਪ ਕਰਕੇ ਵਿਆਹ ਕਰਵਾਉਣ ਵਾਲੇ ਨੂੰ ਦੋਸ਼ੀ ਮੰਨਦਿਆਂ ਸੁਣਾਈ 20 ਸਾਲ ਦੀ ਸਜ਼ਾ ਦੇ 50 ਹਜਾਰ ਜੁਰਮਾਨਾ

ਰੇਪ ਕਰਕੇ ਵਿਆਹ ਕਰਵਾਉਣ ਵਾਲੇ ਨੂੰ ਦੋਸ਼ੀ ਮੰਨਦਿਆਂ ਸੁਣਾਈ 20 ਸਾਲ ਦੀ ਸਜ਼ਾ ਦੇ 50 ਹਜਾਰ ਜੁਰਮਾਨਾ
ਚੰਡੀਗੜ੍ਹ : ਜਬਰ ਜਨਾਹ ਪੀੜਤ ਲੜਕੀ ਨੇ ਬਲਾਤਕਾਰੀ ਨੂੰ ਮਾਫ਼ ਕਰ ਕੇ ਉਸ ਨਾਲ ਵਿਆਹ ਕਰ ਲਿਆ ਪਰ ਅਦਾਲਤ ਦੀ ਨਜ਼ਰ ’ਚ ਉਸ ਦਾ ਪਤੀ ਬਲਾਤਕਾਰੀ ਹੀ ਰਿਹਾ, ਇਸ ਲਈ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ । ਜਿ਼ਲ੍ਹਾ ਅਦਾਲਤ ਨੇ ਉਸ ’ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ । ਪੰਜ ਸਾਲ ਪਹਿਲਾਂ ਨਾਬਾਲਗ ਲੜਕੀ ਦੇ ਪਿਤਾ ਨੇ ਦੋਸ਼ੀ ਨੌਜਵਾਨ ’ਤੇ ਉਸ ਦੀ ਧੀ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਾਉਂਦੇ ਹੋਏ ਸੈਕਟਰ-19 ਥਾਣਾ ’ਚ ਗੁਮਸ਼ੁਦਗੀ ਦੀ ਐੱਫ. ਆਈ. ਆਰ. ਦਰਜ ਕਰਵਾਈ ਸੀ। ਦੋ ਦਿਨ ਬਾਅਦ ਲੜਕੀ ਦੋਸ਼ੀ ਨੌਜਵਾਨ ਦੇ ਕੋਲੋਂ ਹੀ ਮਿਲੀ ਸੀ। ਉਸ ਨੇ ਪੁਲਿਸ ਨੂੰ ਅਗਵਾ ਤੇ ਜਬਰ ਜਨਾਹ ਬਾਰੇ ਦੱਸਿਆ ਸੀ । ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਨੌਜਵਾਨ ਨੇ ਪੀੜਤਾ ਨਾਲ ਵਿਆਹ ਕਰ ਲਿਆ ਸੀ ਤੇ ਹੁਣ ਉਹ ਕਾਫ਼ੀ ਸਮੇਂ ਤੋਂ ਇਕੱਠੇ ਰਹਿ ਰਹੇ ਸਨ । ਉਨ੍ਹਾਂ ਦੀ ਇਕ ਧੀ ਵੀ ਹੈ, ਉਥੇ ਪੀੜਤ ਲੜਕੀ ਵੀ ਅਦਾਲਤ ’ਚ ਆਪਣੇ ਬਿਆਨ ਤੋਂ ਮੁੱਕਰ ਗਈ ਤੇ ਉਸ ਨੇ ਜੱਜ ਦੇ ਸਾਹਮਣੇ ਕਿਹਾ ਕਿ ਦੋਸ਼ੀ ਨੌਜਵਾਨ ਨੇ ਉਸ ਨਾਲ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ । ਫਿਰ ਵੀ ਅਦਾਲਤ ਨੇ ਨੌਜਵਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾ ਦਿੱਤੀ । ਦੋਸ਼ ਮੁਤਾਬਕ ਨੌਜਵਾਨ ਨੇ ਜਦ ਪੀੜ੍ਹਤਾ ਨਾਲ ਜਬਰ ਜਨਾਹ ਕੀਤਾ ਸੀ, ਤਦ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ ਤੇ ਲੜਕੀ ਦੀ ਉਮਰ ਸਾਢੇ 16 ਸਾਲ ਸੀ। ਜਬਰ ਜਨਾਹ ਤੋਂ ਬਾਅਦ ਲੜਕੀ ਗਰਭਵਤੀ ਹੋ ਗਈ ਸੀ । ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ ਸੀ ਪਰ ਪੁਲਸ ਨੇ ਡੀ. ਐੱਨ. ਏ. ਸੈਂਪਲ ਲੈ ਲਿਆ ਸੀ ਜੋ ਦੋਸ਼ੀ ਨੌਜਵਾਨ ਨਾਲ ਮਿਲ ਗਿਆ ਸੀ । ਇਸ ਕਾਰਨ ਇਹ ਸਾਬਤ ਹੋ ਗਿਆ ਕਿ ਦੋਸ਼ੀ ਨੇ ਹੀ ਨਾਬਾਲਗਾ ਨਾਲ ਜਬਰ ਜਨਾਹ ਕੀਤਾ ਸੀ । ਅਦਾਲਤ ਨੇ ਉਸ ਨੂੰ ਪਾਕਸੋ ਐਕਟ ’ਚ ਦੋਸ਼ੀ ਕਰਾਰ ਦੇ ਦਿੱਤਾ ।
