ਸਮਾਰਟ ਸੀਡਰ ਨਾਲ ਬੀਜੀ ਕਣਕ ਦਾ ਨਿਰੀਖਣ
ਸਮਾਰਟ ਸੀਡਰ ਨਾਲ ਬੀਜੀ ਕਣਕ ਦਾ ਨਿਰੀਖਣ
ਭਵਾਨੀਗੜ੍ਹ, 3 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਮਾਹਿਰਾਂ ਵੱਲੋਂ ਭਵਾਨੀਗੜ੍ਹ ਨੇੜਲੇ ਪਿੰਡ ਪੰਨਵਾਂ ਵਿਖੇ ਕਿਸਾਨ ਮੇਹਰ ਚੰਦ ਦੇ ਖੇਤ ਵਿੱਚ ਸਮਾਰਟ ਸੀਡਰ ਮਸ਼ੀਨ ਨਾਲ ਬੀਜੀ ਗਈ ਕਣਕ ਦਾ ਨਿਰੀਖਣ ਕੀਤਾ ਗਿਆ । ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਅਤੇ ਇੰਚਾਰਜ ਨੇ ਦਸਿਆ ਕਿ ਕਣਕ ਦੀ ਫ਼ਸਲ ਦਾ ਵਾਧਾ ਸ਼ਾਨਦਾਰ ਹੋ ਰਿਹਾ ਹੈ ਅਤੇ ਕੋਈ ਵੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਨਹੀਂ ਆਇਆ । ਉਨ੍ਹਾਂ ਦੱਸਿਆ ਕਿ ਕਣਕ ਨੂੰ ਬਿਜਾਈ ਸਮੇਂ ਸਿਫ਼ਾਰਸ਼ ਕੀਤੀ ਫਾਸਫੋਰਸ ਖਾਦ ਹੀ ਪਾਈ ਗਈ ਹੈ ਅਤੇ ਕਿਸਾਨ ਪੌਦਿਆਂ ਦੀ ਗਿਣਤੀ ਅਤੇ ਫ਼ਸਲ ਦੇ ਸਮੁੱਚੇ ਵਿਕਾਸ ਦੋਵਾਂ ਤੋਂ ਬਹੁਤ ਸੰਤੁਸ਼ਟ ਹਨ। ਉਹਨਾਂ ਨੂੰ ਪਹਿਲੀ ਸਿੰਚਾਈ ਤੋਂ ਪਹਿਲਾਂ 0.5% ਮੈਂਗਨੀਜ਼ ਸਲਫੇਟ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਨਾਲ ਹੀ ਰੋਜ਼ਾਨਾ ਦੇ ਅਧਾਰ ‘ਤੇ ਫਸਲ ਦੀ ਨਿਗਰਾਨੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਘਰੇਲੂ ਬਗੀਚੀ ਵਿੱਚ ਬੀਜੀ ਪੀਏਯ, ਲੁਧਿਆਣਾ ਦੀ ਨਵੀਂ ਛੋਲਿਆਂ ਦੀ ਕਿਸਮ (ਪੀਬੀਜੀ 10) ਅਤੇ ਹੋਰ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਦੌਰਾ ਕੀਤਾ ਗਿਆ । ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਦੇ ਬੈਗ ਵੀ ਸਪਲਾਈ ਕੀਤੇ ਗਏ। ਖੇਤਾਂ ਦਾ ਦੌਰੇ ਸਮੇਂ ਰਜਿੰਦਰ ਸਿੰਘ, ਮੇਹਰ ਚੰਦ, ਰਾਜਿੰਦਰ ਸਿੰਘ, ਜਗਦੇਵ ਸਿੰਘ ਅਤੇ ਹੋਰ ਮੋਜੂਦ ਸਨ ।