21 ਤੋਂ 24 ਸਾਲ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਲਾਭ ਲਈ ਸੱਦਾ- ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ
21 ਤੋਂ 24 ਸਾਲ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਲਾਭ ਲਈ ਸੱਦਾ : ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ
ਪਟਿਆਲਾ 3 ਦਸੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦਾ ਮੁੱਖ ਟੀਚਾ ਚੋਟੀ ਦੀਆਂ 500 ਕੰਪਨੀਆਂ ਵਿੱਚ 1.25 ਲੱਖ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ । ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਨੌਜਵਾਨਾਂ ਨੂੰ 12 ਮਹੀਨਿਆਂ ਤੱਕ ਵੱਖ-ਵੱਖ ਕਿੱਤਿਆਂ ਲਈ ਅਸਲ ਜ਼ਿੰਦਗੀ ਦੇ ਮਾਹੌਲ ਵਿੱਚ ਸਿੱਖਣ, ਤਜ਼ਰਬੇ ਅਤੇ ਹੁਨਰ ਹਾਸਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ । ਉਹਨਾਂ ਅੱਗੋਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਉਮੀਦਵਾਰ ਦੀ ਯੋਗਤਾ ਦਸਵੀਂ, ਬਾਹਰਵੀਂ, ਡਿਪਲੋਮਾ ਅਤੇ ਗ੍ਰੈਜੂਏਸ਼ਨ ਪਾਸ ਅਤੇ ਉਮਰ ਹੱਦ 21 ਤੋਂ 24 ਸਾਲ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬਿਨੈਕਾਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਮੁਲਾਜ਼ਮ ਨਹੀ ਹੋਣਾ ਚਾਹੀਦਾ ਅਤੇ ਸਲਾਨਾ ਆਮਦਨ 8 ਲੱਖ ਤੋਂ ਵੱਧ ਨਹੀ ਹੋਣੀ ਚਾਹੀਦੀ । ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਸਿਖਿਆਰਥੀ ਨੂੰ 5000 ਰੁਪਏ ਮਹੀਨਾ ਭੱਤਾ ਮਿਲੇਗਾ । ਇਸ ਇੰਟਰਨਸ਼ਿਪ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ/ਨੌਜਵਾਨਾਂ ਨੂੰ ਸਰਕਾਰ ਵੱਲੋ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਦੇ ਤਹਿਤ ਬੀਮਾ ਕਵਰੇਜ ਵੀ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਇੰਟਰਨਸ਼ਿਪ ਲਈ ਰਜਿਸਟ੍ਰੇਸ਼ਨ ਪ੍ਰਕ੍ਰਿਆ ਚੱਲ ਰਹੀ ਹੈ । ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਵੈਬਸਾਈਟ pminternship.mca.gov.in ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ । ਉਹਨਾਂ ਕਿਹਾ ਕਿ ਇਹ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ।ਰਜਿਸਟ੍ਰੇਸ਼ਨ ਲਈ ਉਮੀਦਵਾਰਾਂ ਕੋਲ ਆਧਾਰ ਕਾਰਡ ਅਤੇ ਯੋਗਤਾ ਸਰਟੀਫਿਕੇਟ ਹੋਣਾ ਚਾਹੀਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਇਸ ਦਫ਼ਤਰ ਦੇ ਹੈਲਪਲਾਈਨ ਨੰ: 9877610877 ਤੇ ਸੰਪਰਕ ਕਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕਤਰੇਤ , ਨੇੜੇ ਸੇਵਾ ਕੇਂਦਰ , ਪਟਿਆਲਾ ਵਿਖੇ ਵਿਅਕਤੀਗਤ ਤੌਰ ਤੇ ਜਾ ਸਕਦੇ ਹਨ ।