ਸਟੇਟ ਕਾਲਜ ਵਿਖੇ ਕਿੱਤਾ ਮੁੱਖੀ ਅਤੇ ਹੁਨਰ ਵਿਕਾਸ ਵਰਕਸ਼ਾਪਸ਼ ਦਾ ਆਯੋਜਨ
ਸਟੇਟ ਕਾਲਜ ਵਿਖੇ ਕਿੱਤਾ ਮੁੱਖੀ ਅਤੇ ਹੁਨਰ ਵਿਕਾਸ ਵਰਕਸ਼ਾਪਸ਼ ਦਾ ਆਯੋਜਨ
ਪਟਿਆਲਾ : ਪੰਜਾਬ ਸਰਕਾਰ ਦੀ ਵੋਕੇਸਨਲਾਈਜੇਸ਼ਨ ਅਤੇ ਸਕਿੱਲ ਓਰੀਐਂਟੈਂਸਨ ਸਕੀਮ ਅਧੀਨ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਦਪਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੇ ਲਈ ਕਿੱਤਾ ਮੁੱਖੀ ਅਤੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ । ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਆਯੋਜਿਤ ਦੋ ਰੋਜ਼ਾ ਦਸਤਕਾਰੀ ਹੁਨਰ ਦੀ ਸਿਖਲਾਈ ਲਈ ਆਯੋਜਿਤ ਵਰਕਸ਼ਾਪ ਅੱਜ ਸਮਾਪਤ ਹੋਈ । ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਜੂਟ ਬੈਗ, ਕੈਨਵਸ ਬੈਗ,ਜੂਟ ਅਤੇ ਕੈਨਵਸ ਦੀ ਕਟਾਈ, ਫੁੱਲਕਾਰੀ ਦੀ ਕਢਾਈ, ਸਿਲਾਈ ਅਤੇ ਫਨੀਸਿੰਗ ਦੇ ਗੁਰ ਸਿੱਖੇ।ਸ਼੍ਰੀ ਰਾਜੀਵ ਗਰਗ, ਸ਼੍ਰੀਮਤੀ ਪ੍ਰੇਮ ਲਤਾ (ਫੁਲਕਾਰੀ ਮਾਹਿਰ) ਅਤੇ ਸ਼੍ਰੀਮਤੀ ਲਤਾ (ਸਿਲਾਈ ਮਾਹਿਰ) ਨੇ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੂੰ ਦਸਤਕਾਰੀ ਹੁਨਰ ਸਿਖਾਏ।
ਕਾਲਜ ਵਿੱਚ ਵਿਦਿਆਰਥੀਆਂ ਦੀ ਤੰਦਰੁਸਤੀ, ਪੋਸ਼ਣ ਅਤੇ ਸਰੀਰਿਕ ਸਵੱਛਤਾ ਸਬੰਧੀ ਵੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਕਾਲਜ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਵੱਲੋਂ ਆਯੋਜਿਤ ਇਸ ਵਰਕਸ਼ਾਪ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਤੋਂ ਸ਼੍ਰੀ ਜਗਦੇਵ ਕੁਮਾਰ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸੈ਼ਲੀ ਲਈ ਯੋਗਾ ਦੀ ਲੋੜ ਅਤੇ ਮਹੱਤਵ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ । ਇਸ ਵਰਕਸ਼ਾਪ ਦੇ ਦੂਜੇ ਸੈਸ਼ਨ ਵਿੱਚ ਰਿਸੋਰਸ ਪਰਸਨ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਯੋਗ ਅਤੇ ਧਿਆਨ ਕਿਰਿਆਵਾਂ ਦੀ ਪ੍ਰੈਕਟੀਕਲ ਟੇ੍ਰਨਿੰਗ ਵੀ ਦਿੱਤੀ ।
ਕਾਲਜ ਦੇ ਸੰਗੀਤ ਵਿਭਾਗ ਵੱਲੋਂ ਆਯੋਜਿਤ ਇੱਕ ਹੋਰ ਵਰਕਸ਼ਾਪ ਵਿੱਚ ਡਾ. ਭੈਰਵੀ ਭੱਟ, ਸਰਕਾਰੀ ਕਾਲਜ ਲੜਕੀਆਂ, ਚੀਕਾ ਨੇ ਬਤੌਰ ਰਿਸੋਰਸ ਪਰਸਨ ਕਾਲਜ ਦੇ ਵਿਦਿਆਰਥੀਆਂ ਨੂੰ ਸਿਤਾਰ ਅਤੇ ਪਸਰਵੇਂ ਸੰਗੀਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ । ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਸਿਤਾਰ ਅਤੇ ਤਬਲੇ ਦੀ ਲਾਈਵ ਪੇਸ਼ਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਅਜੋਕੇ ਭੱਜ—ਦੌੜ ਵਾਲੇ ਸੰਘਰਸ਼ਮਈ ਜੀਵਨ ਵਿੱਚ ਉਤਪੰਨ ਹੋ ਰਹੇ ਤਣਾਅ ਤੋਂ ਰਾਹਤ ਅਤੇ ਮੁਕਤੀ ਲਈ ਸੰਗੀਤ ਦੀ ਲੋੜ ਨੂੰ ਉਜਾਗਰ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਦਪਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਕਾਲਜ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਵਰਕਸ਼ਾਪਾਂ ਦੇ ਸਫਲ ਆਯੋਜਨ ਵਿੱਚ ਕਾਲਜ ਦੇ ਡਾ. ਸਵਿੰਦਰ ਸਿੰਘ ਰੇਖੀ, ਪ੍ਰੋ. ਹਰਦੀਪ ਕੌਰ ਸੈਣੀ, ਪ੍ਰੋ. ਨਵਨੀਤ ਕੌਰ ਜੇਜੀ, ਡਾ. ਰੇਖਾ ਸ਼ਰਮਾ ਅਤੇ ਡਾ. ਏਕਤਾ ਸ਼ਰਮਾ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ।